‘ਆਪ’ ਨੇ ਬਿਨਾਂ ਰਿਸ਼ਵਤ ਤੋਂ ਨੌਕਰੀਆਂ ਦਿੱਤੀਆਂ: ਸੰਧਵਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ‘ਆਪ’ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਪਹਿਲੇ ਦਿਨ ਉਨ੍ਹਾਂ ਬਲਾਕ ਸਮਿਤੀ ਕੋਟਕਪੂਰਾ ਦਿਹਾਤੀ ਤੋਂ ਉਮੀਦਵਾਰ ਜਗਸੀਰ ਸਿੰਘ ਜੱਗਾ ਅਤੇ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਸੰਧਵਾਂ ਤੋਂ ਉਮੀਦਵਾਰ ਰਮਨਪ੍ਰੀਤ ਕੌਰ ਦੇ ਹੱਕ ਵਿੱਚ ਅੱਠ ਪਿੰਡਾਂ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਨੇ ਪਿੰਡ ਲਾਲੇਆਣਾ, ਨਾਨਕਸਰ, ਢਾਬ ਗੁਰੂ ਕੀ ਅਤੇ ਬ੍ਰਾਹਮਣ ਵਾਲਾ ਸਣੇ ਹੋਰ ਪਿੰਡਾਂ ਵਿੱਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਪਾਰਟੀ ਦੇ ਉਮੀਦਵਾਰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਬਿਨਾਂ ਕੋਈ ਸਿਫ਼ਾਰਸ਼ ਅਤੇ ਬਿਨਾਂ ਰਿਸ਼ਵਤ ਨੌਕਰੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਹੀ ਉਨ੍ਹਾਂ ਨੇ ਆਪਣੇ ਹਲਕੇ ਵਿੱਚ ਨਹਿਰੀ ਪਾਣੀ ਦੀ ਸਪਲਾਈ, ਨਵੇਂ ਮੋਘੇ, ਨਵੀਆਂ ਪਾਈਪ ਲਾਈਨਾਂ ਅਤੇ ਸੜਕਾਂ ਦਾ ਨਿਰਮਾਣ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਰਮਨਪ੍ਰੀਤ ਕੌਰ ਸੰਧਵਾਂ, ਬਲਾਕ ਸਮਿਤੀ ਉਮੀਦਵਾਰ ਜਗਸੀਰ ਸਿੰਘ ਜੱਗਾ, ਐਡਵੋਕਟ ਬੀਰਿੰਦਰ ਸਿੰਘ ਸੰਧਵਾਂ, ਸੁਖਜੀਤ ਸਿੰਘ ਢਿੱਲਵਾਂ, ਮਨਪ੍ਰੀਤ ਸਿੰਘ ਧਾਲੀਵਾਲ ਅਤੇ ਗੈਰੀ ਵੜਿੰਗ ਨੇ ਕਿਹਾ ਕਿ ਚਾਰ ਸਾਲਾਂ ਵਿੱਚ ਲੋਕਾਂ ਦੇ ਕੀਤੇ ਕੰਮਾਂ ਕਰ ਕੇ ਪਿੰਡਾਂ ਵਿੱਚੋਂ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ।
ਬਰਾੜ ਨੇ ਅਕਾਲੀ ਉਮੀਦਵਾਰਾਂ ਦੇ ਪ੍ਰਚਾਰ ਦੀ ਕਮਾਂਡ ਸੰਭਾਲੀ
ਕੋਟਕਪੂਰਾ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਬਲਾਕ ਸਮਿਤੀ ਦੇ 19 ਅਤੇ ਜ਼ਿਲ੍ਹਾ ਪਰਿਸ਼ਦ ਦੇ ਤਿੰਨ ਜ਼ੋਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਲਈ ਪਿੰਡ ਪਿੰਡ ਜਾਕੇ ਚੋਣ ਪ੍ਰਚਾਰ ਕਰਨ ਦੀ ਕਮਾਂਡ ਹਲਕਾ ਇੰਚਾਰਜ ਮਨਤਾਰ ਸਿੰਘ ਬਰਾੜ ਨੇ ਸੰਭਾਲ ਲਈ ਹੈ। ਉਨ੍ਹਾਂ ਨੇ ਸੋਮਵਾਰ ਨੂੰ ਜ਼ਿਲ੍ਹਾ ਪਰਿਸ਼ਦ ਦੇ ਖਾਰਾ ਜ਼ੋਨ ਤੋਂ ਉਮੀਦਵਾਰ ਖੁਸ਼ਦੀਪ ਕੌਰ ਅਤੇ ਬਲਾਕ ਸਮਿਤੀ ਦੇ ਉਮੀਦਵਾਰ ਬਲਰਾਜ ਸਿੰਘ, ਜ਼ਿਲ੍ਹਾ ਪਰਿਸ਼ਦ ਸੰਧਵਾਂ ਜ਼ੋਨ ਤੋਂ ਉਮੀਦਵਾਰ ਸੁਖਜਿੰਦਰ ਕੌਰ ਅਤੇ ਬਲਾਕ ਸਮਿਤੀ ਕੋਟਕਪੂਰਾ ਦਿਹਾਤੀ ਤੋਂ ਉਮੀਦਵਾਰ ਬਲਦੀਪ ਸਿੰਘ ਲਈ ਖਾਰਾ, ਨਾਨਕਸਰ ਅਤੇ ਪਿੰਡ ਢੀਮਾਂਵਾਲੀ ਵਿੱਚ ਚੋਣ ਪ੍ਰਚਾਰ ਕੀਤਾ।
