ਪੰਜਾਬ ’ਚ ਹੜ੍ਹਾਂ ਲਈ ਰਾਜ ਤੇ ਕੇਂਦਰ ਸਰਕਾਰਾਂ ਜ਼ਿੰਮੇਵਾਰ: ਬੁਰਜਗਿੱਲ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਇੱਥੇ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਦਰਪੇਸ਼ ਸਮੱਸਿਆਵਾਂ ਤੇ ਮੁਸ਼ਕਲਾਂ ਸਬੰਧੀ ਵਿਸਥਾਰਤ ਚਰਚਾ ਹੋਈ।
ਬੂਟਾ ਸਿੰਘ ਬੁਰਜਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਹੜ੍ਹਾਂ ਲਈ ਕੇਂਦਰ, ਪੰਜਾਬ ਸਰਕਾਰ ਤੇ ਬੀਬੀਐੱਮਬੀ ਜ਼ਿੰਮੇਵਾਰ ਹਨ। ਉਨ੍ਹਾਂ ਪੰਜਾਬ ਦੀ ਹੜ੍ਹਾਂ ਨਾਲ ਹੋਈ ਤਬਾਹੀ ਦੀ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ।
ਆਗੂਆਂ ਕੇਂਦਰੀ ਹਕੂਮਤ ਵੱਲੋਂ ਹੜ੍ਹ ਪ੍ਰਭਾਵਿਤਾਂ ਲਈ 1600 ਕਰੋੜ ਦੀ ਐਲਾਨੀ ਸਹਾਇਤਾ ਰਾਸ਼ੀ ਨੂੰ ਇੱਕ ਮਜ਼ਾਕ ਗਰਦਾਨਿਆਂ ਤੇ ਘੱਟੋ ਘੱਟ ਨੁਕਸਾਨ ਦੀ ਭਰਪਾਈ ਲਈ 20,000 ਕਰੋੜ ਦੇ ਸਹਾਇਤਾ ਪੈਕੇਜ ਦੀ ਮੰਗ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰਾਂ ਨੇ ਪੀੜਤਾਂ 'ਚ ਸ਼ਾਮਲ ਗਰੀਬ ਮਜ਼ਦੂਰਾਂ, ਰੇਹੜੀ ਫੜ੍ਹੀ ਵਾਲਿਆਂ, ਛੋਟੇ ਦੁਕਾਨਦਾਰਾਂ ਲਈ ਕੋਈ ਐਲਾਨ ਨਾ ਕਰਕੇ ਸਮਾਜ ਦੇ ਇਸ ਤਬਕੇ ਨੂੰ ਅਣਗੌਲਿਆ ਕੀਤਾ ਗਿਆ ਹੈ ਜੋ ਜੱਥੇਬੰਦੀ ਕਦਾਚਿੱਤ ਬਰਦਾਸ਼ਤ ਨਹੀਂ ਕਰੇਗੀ।
ਆਗੂਆਂ ਅੱਗੇ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦਰਿਆਵਾਂ ਵਿੱਚ ਰੁੜ੍ਹ ਗਈਆਂ ਹਨ ਸਰਕਾਰ ਉਹਨਾਂ ਕਿਸਾਨਾਂ ਨੂੰ ਸਰਕਾਰੀ ਜ਼ਮੀਨਾਂ 'ਚੋਂ ਜ਼ਮੀਨਾਂ ਅਲਾਟ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਡੀ ਏ ਪੀ, ਯੂਰੀਆ ਆਦਿ ਖਾਦਾਂ ਦੀ ਕਿੱਲਤ ਦੂਰ ਨਾ ਕੀਤੀ ਤੇ ਨੈਨੋ ਯੂਰੀਆ ਦੀ ਬੇਲੋੜੀ ਟੈੱਗਿੰਗ ਅਤੇ ਨਕਲੀ ਕੰਪਨੀਆਂ ਦੀਆਂ ਨਕਲੀ ਕੀੜੇਮਾਰ ਦਵਾਈਆਂ ਨੂੰ ਨੱਥ ਨਾ ਪਾਈ ਤਾਂ ਜਥੇਬੰਦੀ ਛੇਤੀ ਹੀ ਜ਼ਿਲ੍ਹਾ ਪੱਧਰੀ ਸੰਘਰਸ਼ੀ ਪ੍ਰੋਗਰਾਮ ਉਲੀਕਗੀ। ਆਗੂਆਂ ਕਿਹਾ ਕਿ ਜਥੇਬੰਦੀ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ ਵਾਹੀਯੋਗ ਬਣਾਉਣ ਤੇ ਕਣਕ ਬਿਜਾਈ ਤੱਕ ਸਾਥ ਦੇਵੇਗੀ।