‘ਆਪ’ ਵੱਲੋਂ ਭਾਜਪਾ ’ਤੇ ਰਾਸ਼ਨ ਬੰਦ ਕਰਨ ਦਾ ਦੋਸ਼
ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਪਾਰਟੀ ਦੇ ਆਗੂ ਭਾਜਪਾ ’ਤੇ 52 ਲੱਖ ਪੰਜਾਬੀਆਂ ਨੂੰ ਸਰਕਾਰੀ ਰਾਸ਼ਨ ਡਿੱਪੂਆਂ ਤੋਂ ਮਿਲਦੀ ਕਣਕ ਬੰਦ ਕਰਨ ਦਾ ਦੋਸ਼ ਲਾਉਂਦੇ ਹੋਏ ‘ਵੋਟ ਚੋਰੀ ਤੋਂ ਬਾਅਦ ਹੁਣ ਰਾਸ਼ਨ ਚੋਰੀ’ ਦਾ ਨਾਅਰਾ ਦੇ ਰਹੇ ਹਨ।
‘ਆਪ’ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਸੰਯੁਕਤ ਸਕੱਤਰ ਤੇ ਵਿਧਾਨ ਸਭਾ ਹਲਕਾ ਜੈਤੋ ਦੇ ਕੋਆਰਡੀਨੇਟਰ ਰਵਿੰਦਰ ਸਿੰਘ ਮੱਲਾ ਅਤੇ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਦੀ ਅਗਵਾਈ ਵਿੱਚ ਹੁਣ ਤੱਕ ਦਰਜਨਾਂ ਪਿੰਡਾਂ ’ਚ ਚੇਤਨਾ ਕੈਂਪ ਲਾਏ ਜਾ ਚੁੱਕੇ ਹਨ। ਜ਼ਿਲ੍ਹਾ ਜੁਆਇੰਟ ਸਕੱਤਰ ਸੁਖਰੀਤ ਰੋਮਾਣਾ, ਸੋਸ਼ਲ ਮੀਡੀਆ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਮੱਲਾ ਅਤੇ ਚਮਕੌਰ ਸਿੰਘ ਕੌਰੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਪਿੰਡਾਂ ’ਚ ਲੋਕ ਭਲਾਈ ਸਕੀਮਾਂ ਬਾਰੇ ਕੈਂਪ ਲਾਉਣ ਦੀ ਆੜ ਵਿੱਚ ਭੋਲ਼ੇ-ਭਾਲ਼ੇ ਲੋਕਾਂ ਦਾ ਹੁਣ ਡੇਟਾ ਵੀ ਚੋਰੀ ਕਰਨ ਲੱਗ ਪਈ ਹੈ। ਆਪ ਆਗੂ ਲੋਕਾਂ ਨੂੰ ਭਾਜਪਾ ਦੀ ਚਾਲ ਖ਼ਿਲਾਫ਼ ਜਾਗਰੂਕ ਕਰ ਰਹੇ ਹਨ ਤੇ ਉਨ੍ਹਾਂ ਨੇ ਫਲੈਕਸ ਵੀ ਛਪਵਾ ਰੱਖੇ ਹਨ।