ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਿਲ ਕਲਾਂ ’ਚ ਚਿੱਟੀ ਤੇ ਗੁਲਾਬੀ ਸੁੰਡੀ ਨੇ ਚੱਟਿਆ ਕਣਕ ਦਾ ਵੱਡਾ ਰਕਬਾ

ਅੰਨਦਾਤੇ ਨੂੰ ਮਾਰ
ਪਿੰਡ ਵਜੀਦਕੇ ਕਲਾਂ ਵਿੱਚ ਗੁਲਾਬੀ ਸੁੰਡੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ।
Advertisement

ਲਖਵੀਰ ਸਿੰਘ ਚੀਮਾ

ਮਹਿਲ ਕਲਾਂ, 7 ਦਸੰਬਰ

Advertisement

ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਾਏ ਕਣਕ ਬੀਜਣ ਵਾਲੇ ਕਿਸਾਨਾਂ ਦੀ ਫ਼ਸਲ ਗੁਲਾਬੀ ਤੇ ਚਿੱਟੀ ਸੁੰਡੀ ਦੀ ਮਾਰ ਹੇਠ ਆ ਗਈ ਹੈ। ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਵਿੱਚ ਸੁੰਡੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਖੇਤੀਬਾੜੀ ਮਹਿਕਮਾ ਕਿਸਾਨਾਂ ਨੂੰ ਸਪਰੇਆਂ ਕਰਨ ਦੀ ਸਲਾਹ ਦੇ ਕੇ ਹੱਲ ਦੀ ਥਾਂ ਖ਼ਾਨਾਪੂਰਤੀ ਕਰਨ ’ਤੇ ਲੱਗਿਆ ਹੋਇਆ ਹੈ। ਰਾਏਸਰ ਦੇ ਸੁਖਵੀਰ ਸਿੰਘ ਦੀ 5 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਣਕ ਬੀਜੀ ਹੈ ਅਤੇ ਸਾਰੀ ਫ਼ਸਲ ਗੁਲਾਬੀ ਸੁੰਡੀ ਤੇ ਤੇਲੇ ਦੀ ਭੇਟ ਚੜ੍ਹ ਗਈ ਹੈ। ਕਿਸਾਨ ਨੇ ਦੱਸਿਆ ਕਿ ਫ਼ਸਲ ਦਾ ਵਾਧਾ ਰੁਕ ਗਿਆ ਹੈ ਅਤੇ ਸੁੱਕਣ ਲੱਗ ਪਈ ਹੈ। ਸਪਰੇਆਂ ਕਰਨ ਦੇ ਬਾਵਜੂਦ ਇਸ ਦਾ ਹੱਲ ਨਹੀਂ ਹੋਇਆ। ਵਜੀਦਕੇ ਕਲਾਂ ਦੇ ਕਿਸਾਨ ਮੱਖਣ ਸਿੰਘ ਦੇ ਖੇਤ ਵੀ ਇਹੀ ਸਮੱਸਿਆ ਹੈ। ਅੱਜ ਮਹਿਕਮੇ ਦੇ ਅਧਿਕਾਰੀਆਂ ਨੇ ਖੇਤ ਦਾ ਦੌਰਾ ਵੀ ਕੀਤਾ। ਠੁੱਲ੍ਹੀਵਾਲ ਦੇ ਜਗਸੀਰ ਸਿੰਘ ਦੇ ਖੇਤ ਵੀ ਕਣਕ ਸੁੰਡੀ ਨੇ ਸੁਕਾਉਣੀ ਸ਼ੁਰੂ ਕਰ ਦਿੱਤੀ ਹੈ। ਅਮਲਾ ਸਿੰਘ ਵਾਲਾ ਦੇ ਨਾਨਕ ਸਿੰਘ ਨੇ ਦੱਸਿਆ ਕਿ 2 ਏਕੜ ਫ਼ਸਲ ਸੁੰਡੀ ਨੇ ਲਪੇਟ ਵਿੱਚ ਲਈ ਹੈ। ਵਿਭਾਗ ਨੇ ਸਪਰੇਅ ਅਤੇ ਯੂਰੀਏ ਦੀ ਬੋਰੀ ਮਿਲਾ ਕੇ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ ਕੀਤੀ ਹੈ। ਇਸ ਨਾਲ ਪ੍ਰਤੀ ਏਕੜ 1500 ਦੇ ਕਰੀਬ ਖ਼ਰਚਾ ਆਵੇਗਾ। ਇਸ ਤੋਂ ਇਲਾਵਾ ਕਣਕ ਦਾ ਝਾੜ ਵੀ ਸੁੰਡੀ ਦੇ ਹਮਲੇ ਕਾਰਨ ਘੱਟਣ ਦਾ ਡਰ ਹੈ। ਬੀਕੇਯੂ ਡਕੌਂਦਾ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਸੁੰਡੀ ਦੀ ਸਮੱਸਿਆ ਇੱਕ ਪਿੰਡ ਵਿੱਚ ਹੀ ਨਹੀਂ, ਬਲਕਿ ਹਰ ਪਿੰਡ ਵਿੱਚ ਹੈ ਜਿਸ ਲਈ ਸਰਕਾਰ ਅਤੇ ਖੇਤੀਬਾੜੀ ਮਹਿਕਮਾ ਜ਼ਿੰਮੇਵਾਰ ਹੈ ਕਿਉਂਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਉਪਰ ਕਾਰਵਾਈ ਕਰਨ ਝੱਟ ਅਧਿਕਾਰੀ ਪਹੁੰਚ ਜਾਂਦੇ ਸਨ, ਪ੍ਰੰਤੂ ਹੁਣ ਕਿਸਾਨਾਂ ਦੇ ਹੋ ਰਹੇ ਨੁਕਸਾਨ ’ਤੇ ਕੋਈ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਪ੍ਰਭਾਵਿਤ ਕਿਸਾਨਾਂ ਦੀ ਲਿਸਟ ਬਣਾ ਕੇ ਹੋ ਰਹੇ ਆਰਥਿਕ ਨੁਕਸਾਨ ਲਈ ਮੁਆਵਜ਼ਾ ਦੇਣਾ ਚਾਹੀਦਾ ਹੈ। ਖੇਤਾਂ ਦਾ ਦੌਰਾ ਕਰਨ ਆਏ ਬਲਾਕ ਮਹਿਲ ਕਲਾਂ ਦੇ ਖੇਤੀਬਾੜੀ ਅਧਿਕਾਰੀ ਚਰਨ ਰਾਮ ਨੇ ਕਿਹਾ ਕਿ ਕੁੱਝ ਖੇਤਾਂ ਵਿੱਚ ਸੁੰਡੀ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਕਿਸਾਨਾਂ ਨੂੰ ਮੁੜ ਵਿਭਾਗ ਦੀਆਂ ਸਿਫ਼ਾਰਸ ਸਪਰੇਹਾਂ ਕਰਨ ਦੀ ਸਲਾਹ ਦਿੱਤੀ।

ਸਪਰੇਆਂ ਦੇ ਬਾਵਜੂਦ ਨਹੀਂ ਮਰ ਰਹੀ ਸੁੰਡੀ

ਤਪਾ ਮੰਡੀ (ਪੱਤਰ ਪ੍ਰੇਰਕ): ਕਣਕ ਦੀ ਫਸਲ ਨੂੰ ਗੁਲਾਬੀ ਸੁੰਡੀ ਨੇ ਲਪੇਟ ਵਿੱਚ ਲੈ ਲਿਆ ਹੈ। ਭਕਿਯੂ ਕਾਦੀਆਂ ਦੇ ਜ਼ਿਲ੍ਹਾ ਜਰਨਲ ਸਕੱਤਰ ਭੁਪਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਸਾਰ ਨਹੀਂ ਲੈ ਰਿਹਾ। ਬਹੁ ਗਿਣਤੀ ਕਿਸਾਨਾਂ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਲੱਗ ਚੁੱਕੀ ਹੈ। ਸੁਪਰਸੀਡਰ ਨਾਲ ਬੀਜੀ ਕਣਕ ’ਤੇ ਗੁਲਾਬੀ ਸੁੰਡੀ ਦਾ ਵਧੇਰੇ ਅਸਰ ਵਿਖਾਈ ਦੇ ਰਿਹਾ ਹੈ। ਕਣਕ ਦੀ ਸਿੰਚਾਈ ਸਮੇਂ ਖੇਤੀਬਾੜੀ ਵਿਭਾਗ ਵੱਲੋਂ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਕਰਨ ਦੀ ਸਿਫਾਰਸ਼ ਦੇ ਬਾਵਜੂਦ ਗੁਲਾਬੀ ਸੁੰਡੀ ਦਾ ਖ਼ਾਤਮਾ ਨਹੀਂ ਹੋ ਰਿਹਾ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਫ਼ਸਲਾਂ ਦਾ ਨਿਰੀਖਣ ਕਰਕੇ ਗੁਲਾਬੀ ਸੁੰਡੀ ਦੀ ਰੋਕ ਥਾਮ ਲਈ ਯਤਨਸ਼ੀਲ ਹੋਣ। ਇਸ ਮੌਕੇ ਮੇਲਾ ਸਿੰਘ, ਗੁਰਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।

Advertisement
Show comments