ਟੌਲ ਪਲਾਜ਼ੇ ਤੋਂ ਇੱਕ ਧਿਰ ਨੇ ਧਰਨਾ ਚੁੱਕਿਆ
ਕੌਮੀ ਸ਼ਾਹਰਾਹ ‘ਤੇ ਬੁਨਿਆਦੀ ਸਹੂਲਤਾਂ ਦੀ ਮੰਗ ਲੈ ਕੇ ਕੋਟ ਕਰੋੜ ਕਲਾਂ ਟੌਲ ਪਲਾਜ਼ਾ ਉੱਪਰ ਵੱਖੋ-ਵੱਖਰੇ ਧਰਨੇ ’ਤੇ ਬੈਠੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਇੱਕ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਅੱਜ ਸ਼ਾਮ ਆਪਣਾ ਧਰਨਾ ਸਮਾਪਤ ਕਰ ਦਿੱਤਾ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਨੇ ਦੱਸਿਆ ਕਿ ਅੱਜ ਸਬੰਧਤ ਅਧਿਕਾਰੀਆਂ ਨਾਲ ਹੋਈ ਬੈਠਕ ਦੌਰਾਨ ਉਨ੍ਹਾਂ ਦੀਆਂ ਮੰਗਾਂ ਮੰਨਦਿਆਂ ਮਖੂ ਫਾਟਕਾਂ ‘ਤੇ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਤੇ ਖਸਤਾ ਹਾਲ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਲਿਹਾਜ਼ਾ ਉਹ ਆਪਣਾ ਧਰਨਾ ਸਮਾਪਤ ਕਰ ਰਹੇ ਹਨ। ਹਰਦੀਪ ਗਿੱਲ ਨੇ ਸੰਘਰਸ਼ ਵਿੱਚ ਸਾਥ ਦੇਣ ਵਾਲੇ ਸਾਥੀਆਂ ਦਾ ਧੰਨਵਾਦ ਤੇ ਸਨਮਾਨ ਕੀਤਾ। ਜਥੇਬੰਦੀ ਦੇ ਕਾਰਕੁਨਾਂ ਨੇ ਜ਼ੋਰਦਾਰ ਜੇਤੂ ਨਾਅਰੇਬਾਜ਼ੀ ਵੀ ਕੀਤੀ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਖੋਸਾ ਵੱਲੋਂ ਸੰਘਰਸ਼ ਅਜੇ ਜਾਰੀ ਹੈ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਫ਼ਤਿਹ ਸਿੰਘ ਖੋਸਾ ਕੋਟ ਕਰੋੜ ਨੇ ਕਿਹਾ ਕਿ ਜਿੰਨੀ ਦੇਰ ਪਿੰਡ ਕੋਟ ਕਰੋੜ ਕਲਾਂ ਦੇ ਚੜ੍ਹਦੇ ਪਾਸੇ ਵਾਲੇ ਅਧੂਰੇ ਪਏ ਸਰਵਿਸ ਰੋਡ ‘ਤੇ ਵੀ ਕੰਮ ਸ਼ੁਰੂ ਨਹੀਂ ਹੋ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਕਿਸਾਨ ਜਥੇਬੰਦੀਆਂ ਵੱਲੋਂ ਸ਼ਨੀਵਾਰ ਤੋਂ ਹੀ ਟੌਲ ਪਲਾਜ਼ਾ ਨੂੰ ਪਰਚੀ ਮੁਕਤ ਵੀ ਕੀਤਾ ਹੋਇਆ ਹੈ।