ਫਿਰੋਜ਼ਪੁਰ ਦੀ ਕੁੜੀ ਨੇ ਜਿੱਤਿਆ ‘ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3’
ਦੇਹਰਾਦੂਨ (ਉੱਤਰਾਖੰਡ) ‘ਚ ਹੋਏ ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3 ਦੇ ਫਾਈਨਲ ਮੁਕਾਬਲੇ ਵਿੱਚ ਫਿਰੋਜ਼ਪੁਰ ਦੀ ਧੀ ਦੀਆ ਗਾਂਧੀ ਨੇ ਕਾਮਯਾਬੀ ਪ੍ਰਾਪਤ ਕੀਤੀ ਹੈ। ਇਸ ਗਲੋਬਲ ਪੱਧਰ ਦੇ ਮਾਡਲਿੰਗ ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਦਰਜਨਾਂ ਉਮੀਦਵਾਰਾਂ ਨੇ ਭਾਗ ਲਿਆ। ਫਾਈਨਲ ਮੁਕਾਬਲੇ ਵਿੱਚ ਫਿਰੋਜ਼ਪੁਰ ਦੇ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਆਪਣੀ ਸ਼ਖ਼ਸੀਅਤ, ਆਤਮਵਿਸ਼ਵਾਸ ਅਤੇ ਬੇਮਿਸਾਲ ਕਲਾ ਦਾ ਪ੍ਰਦਰਸ਼ਨ ਕੀਤਾ। ਨਤੀਜੇ ਦੌਰਾਨ ਫਿਰੋਜ਼ਪੁਰ ਦੀ ਦੀਆ ਗਾਂਧੀ ਦਾ ਨਾਂਅ ਐਲਾਨਿਆ ਗਿਆ ਅਤੇ ਦਰਸ਼ਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਦੀਆ ਗਾਂਧੀ ਸਿਰ “ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3” ਦਾ ਤਾਜ ਸਜਾਇਆ ਗਿਆ। ਇਸ ਪ੍ਰੋਗਰਾਮ ਦਾ ਪਹਿਲਾ ਐਡੀਸ਼ਨ ਚੰਡੀਗੜ੍ਹ ਵਿੱਚ ਹੋਇਆ ਅਤੇ ਫਾਈਨਲ ਮੁਕਾਬਲਾ ਦੇਹਰਾਦੂਨ ਵਿੱਚ ਹੋਇਆ। ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਸੋਨੀਆ ਰਾਣਾ ਨੇ ਜੇਤੂ ਵਿਦਿਆਰਥਣ ਦੀਆ ਗਾਂਧੀ ਨੂੰ ਮੁਬਾਰਕਬਾਦ ਦਿੱਤੀ। ਉਸ ਦੇ ਮਾਤਾ-ਪਿਤਾ ਸੋਨੀਆ ਤੇ ਸੁਨੀਲ ਕੁਮਾਰ ਨੇ ਵੀ ਖੁਸ਼ੀ ਜ਼ਾਹਿਰ ਕੀਤੀ।