ਹੜ੍ਹ ਪ੍ਰਭਾਵਿਤ ਪਿੰਡ ਸੰਘੇੜਾ ’ਚੋਂ ਮੁਆਵਜ਼ਾ ਰਾਸ਼ੀ ਦੀ ਵੰਡ ਵਿੱਚੋਂ ਕਾਣੀ ਵੰਡ ਆਈ ਸਾਹਮਣੇ !
ਸਤਲੁਜ ਦੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਸੰਘੇੜਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਪਿੰਡ ਦੇ ਹੜ੍ਹ ਪ੍ਰਭਾਵਿਤ ਲੋਕ ਮੁਆਵਜ਼ਾ ਰਾਸ਼ੀ ਦੀ ਉਡੀਕ ਵਿੱਚ ਦਿਨ ਗਿਣ ਰਹੇ ਹਨ ਪਰ ਪਿੰਡ ਦੇ ਮੋਹਰੀਆਂ ਦੇ ਖਾਤੇ ਸਰਕਾਰੀ ਸਹਾਇਤਾ ਰਾਸ਼ੀ ਨਾਲ ਭਰ ਵੀ ਗਏ ਹਨ। ਪਿੰਡ ਵੜਦਿਆਂ ਹੀ ਸਭ ਤੋਂ ਪਹਿਲਾਂ ਘਰ ਸਤਨਾਮ ਸਿੰਘ ਦਾ ਆਉਂਦਾ ਹੈ। ਉਸਦਾ ਕੱਚਾ-ਪੱਕਾ ਸਾਰਾ ਘਰ ਹੀ ਹੜ੍ਹ ਦੀ ਭੇਂਟ ਚੜ੍ਹ ਚੁੱਕਾ ਹੈ। ਸਤਨਾਮ ਸਿੰਘ ਦੀਆਂ ਚਾਰ ਧੀਆਂ ਅਤੇ ਇੱਕ ਪੁੱਤਰ ਹੈ। ਜ਼ਮੀਨ ਜਾਇਦਾਦ ਤੋਂ ਪੂਰੀ ਤਰ੍ਹਾਂ ਸੱਖਣਾ ਹੈ। ਇਸ ਵੇਲੇ ਪਰਿਵਾਰ ਘਰ ਅੰਦਰ ਤੰਬੂ ਵਿੱਚ ਆਪਣਾ ਰੈਣ ਬਸੇਰਾ ਬਣਾਈ ਬੈਠਾ ਹੈ।
ਉਸਨੂੰ ਗਿਲਾ ਹੈ ਕਿ ਪਿੰਡ ਦੇ ਮੋਹਰੀ ਲੋਕ ਕਾਗਜ਼ਾਂ ਵਿੱਚ ਪੀੜਤ ਬਣਕੇ ਡਿੱਗੇ ਮਕਾਨਾਂ ਅਤੇ ਸ਼ੈੱਡਾਂ ਦੀ ਸਹਾਇਤਾ ਰਾਸ਼ੀ ਲੈਣ ਵਿੱਚ ਕਾਮਯਾਬ ਹੋ ਗਏ ਹਨ ਪ੍ਰੰਤੂ ਜੋ ਸੱਚਮੁੱਚ ਪ੍ਰਭਾਵਿਤ ਹਨ ਉਨ੍ਹਾਂ ਤੱਕ ਸਹਾਇਤਾ ਰਾਸ਼ੀ ਪੁੱਜੀ ਹੀ ਨਹੀਂ ਹੈ। ਉਸ ਮੁਤਾਬਿਕ ਪਿੰਡ ਵਿੱਚ 95 ਘਰ ਹਨ ਅਤੇ 38 ਘਰਾਂ ਦੀ ਮੁਆਵਜ਼ਾ ਰਾਸ਼ੀ ਵਜੋਂ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਘਰ ਸੱਤਾਧਾਰੀ ਪਾਰਟੀ ਨਾਲ ਸਬੰਧਤ ਲੋਕਾਂ ਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਾਂ, ਲੇਕਿਨ ਸਹਾਇਤਾ ਲਿਸਟ ਵਿਚ ਸਾਡੇ ਨਾਮ ਨਾਂ ਹੋਣ ਕਾਰਨ ਉਹ ਮਾਯੂਸੀ ਵਿੱਚ ਹਨ।
ਉਨ੍ਹਾਂ ਮੁਤਾਬਕ ਸਹਾਇਤਾ ਰਾਸ਼ੀ ਵੰਡ ਵਿੱਚ ਪੂਰੀ ਤਰ੍ਹਾਂ ਵਿਤਕਰਾ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਪਿੰਡ ਵਾਸੀ ਨਿਸ਼ਾਨ ਸਿੰਘ ਅਤੇ ਕੁਲਵੰਤ ਕੌਰ ਨੇ ਵੀ ਸਹਾਇਤਾ ਰਾਸ਼ੀ ਵੰਡ ਵਿੱਚ ਵਿਤਕਰਾ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਨੁਕਸਾਨ ਦਾ ਜਾਇਜ਼ਾ ਲੈਕੇ ਰਿਪੋਰਟ ਤਿਆਰ ਕਰਨ ਵਾਲੇ ਨਰੇਗਾ ਸੈਕਟਰੀ ਕੁਲਦੀਪ ਸਿੰਘ ਉੱਤੇ ਵੀ ਮਿਲੀਭੁਗਤ ਦੇ ਕਥਿਤ ਦੋਸ਼ ਲਗਾਏ ਹਨ। ਦੂਸਰੇ ਪਾਸੇ ਉਕਤ ਸੈਕਟਰੀ ਨੇ ਆਪਣੇ ਉਪਰ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ।
ਇਸ ਸਬੰਧੀ ਪੰਜਾਬੀ ਟ੍ਰਿਬਿਊਨ ਪਾਸ ਦੋਸ਼ ਲਗਾਉਣ ਵਾਲੇ ਪਿੰਡ ਵਾਸੀਆਂ ਦੀਆਂ ਵੀਡੀਓ ਵੀ ਮੌਜੂਦ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਧੁੱਸੀ ਬੰਨ੍ਹ ਦੇ ਬਾਹਰ ਵੱਸਦੇ ਕੁਝ ਘਰ ਜਿਨ੍ਹਾਂ ਦਾ ਹੜ੍ਹਾਂ ਨਾਲ ਭੌਰਾ ਵੀ ਨੁਕਸਾਨ ਨਹੀਂ ਹੋਇਆ ਉਹ ਸਹਾਇਤਾ ਰਾਸ਼ੀ ਲੈਣ ਵਿੱਚ ਸਫਲ ਰਹੇ।
ਪਿੰਡ ਦੇ ਸਰਪੰਚ ਗੁਰਮੇਲ ਸਿੰਘ ਤੋਂ ਇਸ ਮਾਮਲੇ ਸਬੰਧੀ ਜਾਣਕਾਰੀ ਲੈਣ ਲਈ ਵਾਰ ਵਾਰ ਫੋਨ ਕਾਲਾਂ ਕੀਤੀਆਂ ਗਈਆਂ ਪ੍ਰੰਤੂ ਸਰਪੰਚ ਨੇ ਫੋਨ ਰਿਸੀਵ ਕਰਨਾ ਜ਼ਰੂਰੀ ਨਹੀਂ ਸਮਝਿਆ। ਧਰਮਕੋਟ ਦੇ ਐਸਡੀਐਮ ਹਿਤੇਸ਼ ਵੀਰ ਗੁਪਤਾ ਨੇ ਦੱਸਿਆ ਕਿ ਮੁਆਵਜ਼ਾ ਰਾਸ਼ੀ ਦੇ ਸਰਵੇ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਗਈ ਸੀ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਮਾਮਲਾ ਜਾ ਸ਼ਿਕਾਇਤ ਪ੍ਰਸ਼ਾਸਨ ਦੇ ਧਿਆਨ ਵਿੱਚ ਆਵੇਗੀ ਉਸ ਉਪ ਤੁਰੰਤ ਕਾਰਵਾਈ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਹੜ੍ਹ ਪੀੜਤ ਮੁਆਵਜ਼ੇ ਦੀ ਰਾਸ਼ੀ ਤੋਂ ਵਾਝਾਂ ਰਹਿ ਗਿਆ ਹੈ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਸਕਦਾ ਹੈ।
