ਬਠਿੰਡਾ ’ਚ 66 ਅਤੇ ਮਾਨਸਾ ’ਚ 49 ਨਾਮਜ਼ਦਗੀਆਂ ਦਾਖ਼ਲ
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਮੱਦੇਨਜ਼ਰ ਅੱਜ ਨਾਮਜ਼ਦਗੀਆਂ ਦੇ ਤੀਜੇ ਦਿਨ ਕੁੱਲ 66 ਨਾਮਜ਼ਦਗੀ ਪੱਤਰ ਦਾਖਲ ਹੋਏ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਲਈ 5 ਅਤੇ ਪੰਚਾਇਤ ਸਮਿਤੀ ਲਈ 61 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਬਲਾਕ ਬਠਿੰਡਾ ਤੋਂ 6, ਗੋਨਿਆਣਾ 4, ਸੰਗਤ 3, ਨਥਾਣਾ 12, ਫੂਲ 10, ਰਾਮਪੁਰਾ 12, ਮੌੜ 14 ਅਤੇ ਬਲਾਕ ਤਲਵੰਡੀ ਸਾਬੋ ਲਈ ਕੋਈ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਹੋਇਆ। ਇਸੇ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਲਈ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਭੁੱਚੋ ਕਲਾਂ ਲਈ 1, ਸਿਰੀਏਵਾਲਾ 3 ਅਤੇ ਜ਼ੋਨ ਜੈ ਸਿੰਘ ਵਾਲਾ ਲਈ 1 ਨਾਮਜ਼ਮਗੀ ਪੱਤਰ ਦਾਖ਼ਲ ਹੋਏ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 4 ਦਸੰਬਰ ਤੱਕ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 5 ਦਸੰਬਰ ਨੂੰ ਦਾਖ਼ਲ ਕੀਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 6 ਦਸੰਬਰ ਨੂੰ ਨਾਮਜ਼ਦਗੀ ਪੱਤਰ ਵਾਪਿਸ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਕਰਕੇ ਉਸੇ ਹੀ ਦਿਨ ਨਤੀਜੇ ਐਲਾਨ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਪ੍ਰਕਿਰਿਆ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਅੱਜ ਤੀਜੇ ਦਿਨ ਕੁੱਲ 49 ਨਾਮਜ਼ਦਗੀ ਪੱਤਰ ਮਾਨਸਾ ਜ਼ਿਲ੍ਹੇ ਵਿੱਚ ਦਾਖ਼ਲ ਹੋਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਅੱਜ ਤੀਜੇ ਦਿਨ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਕੁੱਲ 49 ਨਾਮਜ਼ਦਗੀ ਪੱਤਰ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਮਾਨਸਾ ’ਚ ਅਕਲੀਆ ਲਈ 1, ਦਲੇਲ ਸਿੰਘ ਵਾਲਾ 1, ਬੱਛੋਆਣਾ 1, ਕੁਲਰੀਆਂ 1, ਭੈਣੀਬਾਘਾ 1 ਅਤੇ ਰਾਏਪੁਰ ਲਈ 2 ਨਾਮਜ਼ਦਗੀ ਪੱਤਰ ਦਾਖ਼ਲ ਹੋਏ।
ਪੰਚਾਇਤ ਸਮਿਤੀ ਮਾਨਸਾ ’ਚ ਬੁਰਜ ਢਿੱਲਵਾਂ ਲਈ 2, ਬੁਰਜ ਰਾਠੀ 2, ਭੈਣੀਬਾਘਾ 1, ਕੋਟਲੀ ਕਲਾਂ 2, ਠੂਠਿਆਂਵਾਲੀ 2, ਖਾਰਾ 1, ਮਾਨਬੀਬੜੀਆਂ 2, ਸਹਾਰਨਾ 1, ਖੀਵਾ ਕਲਾਂ 1, ਹੀਰੋ ਕਲਾਂ 1, ਰੱਲਾ 1 ਅਤੇ ਅਕਲੀਆ ਲਈ 2 ਨਾਮਜ਼ਦਗੀਆਂ ਦਾਖ਼ਲ ਹੋਈਆਂ। ਪੰਚਾਇਤ ਸਮਿਤੀ ਬੁਢਲਾਡਾ ’ਚ ਬੱਛੋਆਣਾ ਲਈ 2, ਕੁਲਰੀਆਂ 1, ਚੱਕ ਅਲੀਸ਼ੇਰ 1, ਕਲੀਪੁਰ 1, ਮੱਲ ਸਿੰਘ ਵਾਲਾ 2 ਅਤੇ ਫੁੱਲੂਵਾਲਾ ਡੋਡ ਲਈ 1 ਨਾਮਜ਼ਦਗੀ ਹੋਈ। ਪੰਚਾਇਤ ਸੰਮਤੀ ਸਰਦੂਲਗੜ੍ਹ ’ਚ ਫੱਤਾ ਮਾਲੋਕਾ ਲਈ 1, ਜਟਾਣਾ ਕਲਾਂ 1, ਹੀਂਗਣਾ ਉਰਫ ਭਗਵਾਨਪੁਰ 2 ਅਤੇ ਕੁਸਲਾ ਲਈ 2 ਨਾਮਜ਼ਦਗੀਆਂ ਹੋਈਆਂ। ਪੰਚਾਇਤ ਸਮਿਤੀ ਝੁਨੀਰ ’ਚ ਰਾਏਪੁਰ ਲਈ 2, ਉੱਲਕ 1, ਕੋਟਧਰਮੂ 2,ਫਤਿਹਪੁਰ 1,ਝੁਨੀਰ 2,ਜਵਾਹਰਕੇ 1 ਅਤੇ ਮੂਸਾ ਲਈ 1 ਨਾਮਜ਼ਦਗੀ ਹੋਈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 4 ਦਸੰਬਰ ਹੈ, ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 6 ਦਸੰਬਰ ਸ਼ਾਮ 3 ਵਜੇ ਤੱਕ ਹੋਵੇਗੀ।
ਜੈਤੋ (ਪੱਤਰ ਪ੍ਰੇਰਕ): ਬਲਾਕ ਸਮਿਤੀ ਚੋਣਾਂ ਦੇ ਮੱਦੇਨਜ਼ਰ ਜੈਤੋ ਬਲਾਕ ਦੇ ਕੁੱਲ 25 ਜ਼ੋਨਾਂ ਲਈ 3 ਦਸੰਬਰ ਸ਼ਾਮ ਦੇ 4 ਵਜੇ ਤੱਕ ਕੁੱਲ 34 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਰਜ ਕਰਵਾਏ ਗਏ ਹਨ। ਇਸੇ ਤਰ੍ਹਾਂ ਬਲਾਕ ਕੋਟਕਪੂਰਾ ਦੇ ਕੁੱਲ 19 ਜ਼ੋਨਾਂ ਲਈ 21 ਅਤੇ ਬਲਾਕ ਫ਼ਰੀਦਕੋਟ ਦੇ 21 ਜ਼ੋਨਾਂ ਲਈ ਅੱਜ ਤੱਕ ਸਿਰਫ 11 ਉਮੀਦਵਾਰ ਮੈਦਾਨ ਵਿੱਚ ਨਿੱਤਰੇ ਹਨ। ਜ਼ਿਲ੍ਹਾ ਪਰਿਸ਼ਦ ਫ਼ਰੀਦਕੋਟ ਦੇ ਕੁੱਲ 10 ਜ਼ੋਨਾਂ ਲਈ ਬੁੱਧਵਾਰ ਸ਼ਾਮ ਤੱਕ 8 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਰਜ ਕਰਵਾਏ।
ਮਹਿਲ ਕਲਾਂ (ਨਿੱਜੀ ਪੱਤਰ ਪ੍ਰੇਰਕ): ਬਲਾਕ ਮਹਿਲ ਕਲਾਂ ਵਿਖੇ ਅੱਜ ਤੀਜੇ ਦਿਨ ਚਾਰ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਕੁਰੜ ਜ਼ੋਨ ਤੋਂ ਗੁਰਮੀਤ ਕੌਰ (ਕਾਂਗਰਸ), ਸਹਿਜੜਾ ਜੋਨ ਤੋਂ ਮਹਿੰਦਰ ਸਿੰਘ (ਆਜ਼ਾਦ), ਚੰਨਣਵਾਲ ਜੋਨ ਤੋਂ ਕਿਰਨਜੀਤ ਕੌਰ (ਆਮ ਆਦਮੀ ਪਾਰਟੀ) ਅਤੇ ਛਾਪਾ ਜ਼ੋਨ ਤੋਂ ਕੁਲਦੀਪ ਸਿੰਘ (ਸ਼੍ਰੋਮਣੀ ਅਕਾਲੀ ਦਲ ਬਾਦਲ) ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।
ਮੁਕਤਸਰ ’ਚ ਤੀਜੇ ਦਿਨ ਤਿੰਨ ਨਾਮਜ਼ਦਗੀਆਂ ਦਾਖ਼ਲ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪਰਿਸ਼ਦ ਦੇ 13 ਜ਼ੋਨਾਂ ਵਾਸਤੇ ਅੱਜ ਤੱਕ ਤਿੰਨ ਨਾਮਜ਼ਦਗੀਆਂ ਦਾਖਲ ਹੋਈਆਂ ਹਨ ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਦੇ 13 ਜ਼ੋਨਾਂ ’ਚ 6 ਇਸਤਰੀਆਂ ਲਈ ਰਾਖਵੇਂ ਹਨ ਜਿਸ ਵਿੱਚੋਂ ਕਾਨਿਆਂਵਾਲੀ, ਕੋਟਭਾਈ ਅਤੇ ਮਿੱਡਾ ਜ਼ੋਨ ਐੱਸ ਸੀ ਇਸਤਰੀ ਵਾਸਤੇ ਅਤੇ ਗੂਰੂਸਰ, ਪਿੰਡ ਮਲੋਟ ਅਤੇ ਕਿੱਲਿਆਂਵਾਲੀ ਇਸਤਰੀ ਉਮੀਦਵਾਰਾਂ ਲਈ ਰਾਖਵੇਂ ਹਨ। ਇਸੇ ਤਰ੍ਹਾਂ ਫ਼ਤਹਿਪੁਰ ਮਨੀਆਂ ਅਨੁਸੂਚਿਤ ਜਾਤੀ ਉਮੀਦਵਾਰ ਲਈ ਅਤੇ ਬਾਕੀ ਸਾਰੇ ਜ਼ੋਨ ਉਦੈਕਰਨ, ਲੱਖੇਵਾਲੀ, ਮਲੋਟ ਅਤੇ ਲੰਬੀ ਜਨਰਲ ਵਰਗ ਵਾਸਤੇ ਹਨ।
