ਸਕੂਲ ’ਚੋਂ ਮਿੱਡ-ਡੇਅ ਮੀਲ ਦਾ 6 ਕੁਇੰਟਲ ਰਾਸ਼ਨ ਚੋਰੀ
ਪਿੰਡ ਖੁੱਡੀਆਂ ਮਹਾਂ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਮਿੱਡ-ਡੇਅ ਮੀਲ ਰਾਸ਼ਨ ਦੀ ਚੋਰੀ ਵਿੱਚ ਕਥਿਤ ਅਧਿਆਪਕ ਦੀ ਭੂਮਿਕਾ ਸਾਹਮਣੇ ਆਈ ਹੈ| ਪਿੰਡ ਵਾਸੀਆਂ ਨੇ ਰਾਸ਼ਨ ਦੀ ਖੇਪ ਰੰਗੇ ਹੱਥੀਂ ਫੜ ਕੇ ਘਪਲੇ ਨੂੰ ਬੇਨਕਾਬ ਕੀਤਾ| ਪਿੰਡ ਖੁੱਡੀਆਂ ਮਹਾ ਸਿੰਘ ਦੇ ਸਰਪੰਚ ਹਰਮੇਲ ਸਿੰਘ ਨੇ ਪਿੰਡ ਵਾਸੀਆਂ ਸਮੇਤ ਛਾਪਾ ਮਾਰ ਕੇ ਲਗਪਗ ਛੇ ਕੁਇੰਟਲ ਮਿੱਡ-ਡੇਅ ਮੀਲ ਰਾਸ਼ਨ ਫੜਿਆ ਤੇ ਪੁਲੀਸ ਹਵਾਲੇ ਕਰ ਦਿੱਤਾ| ਇਹ ਰਾਸ਼ਨ ਇਕ ਅਧਿਆਪਕ ਦੇ ਕਹਿਣ ’ਤੇ ਇੱਕ ਦੁਕਾਨ ’ਚ ਭੇਜਿਆ ਜਾ ਰਿਹਾ ਸੀ| ਸਰਪੰਚ ਨੇ ਅਧਿਆਪਕ ਤੇ ਇਕ ਸੇਵਾਦਾਰ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ| ਪਿੰਡ ਵਾਸੀਆਂ ਨੇ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਹੈ| ਬੀਪੀਈਓ ਲੰਬੀ ਬਲਵਿੰਦਰ ਸਿੰਘ ਨੇ ਸਕੂਲ ਵਿੱਚ ਜਾਂਚ ਕਰਕੇ ਬਿਆਨ ਦਰਜ ਕੀਤੇ| ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਘਪਲੇ ਦੀ ਜਾਂਚ ਪੂਰੇ ਸਟਾਫ ਅਤੇ ਜ਼ਿੰਮੇਵਾਰ ਅਧਿਕਾਰੀਆਂ ਕੋਲੋਂ ਕੀਤੀ ਜਾਵੇ| ਹੁਣ ਰਾਜ਼ੀਨਾਮੇ ਲਈ ਗ੍ਰਾਮ ਪੰਚਾਇਤ ‘ਤੇ ਦਬਾਅ ਪਾਇਆ ਜਾ ਰਿਹਾ| ਲੰਬੀ ਦੇ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ ਐੱਸਐੱਮਸੀ ਪ੍ਰਧਾਨ ਪਰਮਪਾਲ ਸਿੰਘ ‘ਬਿੱਟੂ’ ਨੇ ਕਿਹਾ ਕਿ ਫਰਵਰੀ ਵਿੱਚ 45 ਹਜ਼ਾਰ ਰੁਪਏ ਦੀ ਕਣਕ ਵੇਚੀ ਗਈ ਸੀ, ਇਸ ਤੋਂ ਪਹਿਲਾਂ ਵੀ 15 ਹਜਾਰ ਦੀ ਕਣਕ ਗਾਇਬ ਹੋਣ ਦੀ ਜਾਣਕਾਰੀ ਮਿਲੀ ਸੀ| ਰਾਸ਼ਨ ਵੰਡ ‘ਚ ਪਾਰਦਰਸ਼ਤਾ ਦੀ ਘਾਟ ਕਾਰਨ ਸਿੱਖਿਆ ਵਿਭਾਗ ਦੀ ਨਿਗਰਾਨੀ ਪ੍ਰਣਾਲੀ ਸੁਆਲਾਂ ਦੇ ਘੇਰੇ ਵਿੱਚ ਹੈ| ਲੋਕਾਂ ਮੁਤਾਬਕ ਮਾਮਲਾ ਸਿਰਫ ਅਧਿਆਪਕ ਤੱਕ ਸੀਮਤ ਨਹੀਂ, ਸਗੋਂ ਪੂਰੀ ਪ੍ਰਣਾਲੀ ਦੀ ਜੜ੍ਹ ਤੱਕ ਪਹੁੰਚਦਾ ਹੈ| ਸੂਬਾ ਪੱਧਰੀ ਪਾਰਦਰਸ਼ੀ ਜਾਂਚ ਲਾਜਮੀ ਹੈ।
ਸਟਾਕ ’ਚ ਪੰਜ ਕੁਇੰਟਲ ਰਾਸ਼ਨ ਘੱਟ: ਬੀਪੀਈਓ
ਬੀਪੀਈਓ ਬਲਵਿੰਦਰ ਸਿੰਘ ਨੇ ਕਿਹਾ ਕਿ ਮਿੱਡ-ਡੇਅ ਮੀਲ ਰਾਸ਼ਨ ਦੀ ਚੋਰੀ ਤੇ ਵੇਚਣ ਦਾ ਮਾਮਲਾ ਸੰਗੀਨ ਹੈ| ਜਾਂਚ ਦੌਰਾਨ ਸਟਾਕ ਵਿੱਚ ਚੌਲ ਤੇ ਕਣਕ ਢਾਈ-ਢਾਈ ਕੁਇੰਟਲ ਘੱਟ ਪਾਈ ਗਈ। ਹਾਲਾਂਕਿ ਪਰਸੋਂ ਹੀ ਨਵਾਂ ਰਾਸ਼ਨ ਆਇਆ ਸੀ| ਉਨ੍ਹਾਂ ਕਿਹਾ ਕਿ ਵਿਸਥਾਰਤ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।