ਸੜਕ ਸੁਰੱਖਿਆ ਤਹਿਤ 49 ਸਕੂਲੀ ਵੈਨਾਂ ਦੇ ਚਲਾਨ ਕੱਟੇ
ਸੜਕ ਸੁਰੱਖਿਆ ਬਾਰੇ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਨਾਲ ਡਿਪਟੀ ਕਮਿਸ਼ਨਰ ਟੀ. ਬੈਨਿਥ ਵੱਲੋਂ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ 49 ਸਕੂਲੀ ਵੈਨਾਂ ਦੇ ਚਲਾਨ ਕੱਟੇ ਗਏ। ਇਸ ਪਾਲਿਸੀ ਦੀਆਂ ਹਦਾਇਤਾਂ ਅਨੁਸਾਰ ਹਰ ਸਕੂਲੀ ਵੈਨ ਵਿੱਚ ਸੀਸੀਟੀਵੀ ਕੈਮਰਾ, ਖਿੜਕੀ ’ਤੇ ਲੋਹੇ ਦੀ ਗਰਿੱਲ, ਫਸਟ ਏਡ ਬਾਕਸ, ਲੇਡੀ ਕੰਡਕਟਰ, ਅੱਗ ਬੁਝਾਊ ਯੰਤਰ, ਲਾਇਸੈਂਸ ਆਦਿ ਬਾਰੇ ਚੈਕਿੰਗ ਕੀਤੀ ਜਾਂਦੀ ਹੈ ਅਤੇ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਜਾਂਦੇ ਹਨ। ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਪਲਾਈ ਕਰਨ ਦੇ ਮਾਮਲੇ ਵਿਚ 62 ਮੁਲਜ਼ਮ, ਨਸ਼ਾ ਤਸਕਰੀ ਦੇ ਮਾਮਲੇ ਵਿਚ 114 ਮੁਲਜ਼ਮ ਅਤੇ ਇਸ ਸਬੰਧ ਵਿਚ ਹੋਰ 273 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕੁੱਲ 119 ਕੇਸ ਦ ਰਜ ਕੀਤੇ ਗਏ। ਐੱਨਡੀਪੀਐੱਸ ਐਕਟ ਤਹਿਤ ਉਪਰੋਕਤ ਸਮੇਂ ਦੌਰਾਨ 211 ਕੇਸ ਦਰਜ ਕੀਤੇ ਗਏ ਅਤੇ 355 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 1 ਕਿੱਲੋ 100 ਗ੍ਰਾਮ ਹੈਰੋਇਨ, 450 ਗ੍ਰਾਮ ਅਫੀਮ, 20 ਕੁਇੰਟਲ 71 ਕਿਲੋ ਪੋਸਤ,45,524 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 1,69,700 ਦੀ ਡਰੱਗ ਮਨੀ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।