ਪਿੰਡ ਰਾਏਸਰ ’ਚ ਸੰਤ ਰਾਮ ਉਦਾਸੀ ਦੀ 39ਵੀਂ ਬਰਸੀ ਮਨਾਈ
ਲੋਕ ਕਵੀ ਸੰਤ ਰਾਮ ਉਦਾਸੀ ਦੀ 39ਵੀਂ ਬਰਸੀ ਜੱਦੀ ਪਿੰਡ ਰਾਏਸਰ ਵਿੱਚ ਉਨ੍ਹਾਂ ਦੀ ਯਾਦ ਵਿੱਚ ਬਣੀ ਲਾਇਬਰੇਰੀ ਵਿੱਚ ਮਨਾਈ ਗਈ। ਇਸ ਮੌਕੇ ਵਿਸ਼ੇਸ਼ ਬੁਲਾਰੇ ਡਾ. ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਉਦਾਸੀ ਨੇ ਸਿੱਖ ਨਾਇਕਾਂ ਬਾਰੇ ਗੀਤ ਲਿਖ ਕੇ ਆਪਣੀ ਆਸਥਾ ਪ੍ਰਗਟਾਈ। ਲਿਤਾੜੇ ਲੋਕਾਂ ਨੂੰ ਗੁਲਾਮੀ ਦੀ ਜੂਲਾ ਲਾਹੁਣ ਲਈ ਪ੍ਰੇਰਿਆ। ਉਦਾਸੀ ਸਮਾਜ ਦੀ ਹਾਰੀ ਧਿਰ ਦਾ ਕਵੀ ਸੀ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਦਾਸੀ ਦੇ ਬਹੁਤੇ ਗੀਤ ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਚੁੱਕੇ ਹਨ। ਉਦਾਸੀ ਦੀ ਧੀ ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਉਦਾਸੀ ਦੀ ਮਹੱਤਤਾ ਇਸ ਗੱਲ ਵਿਚ ਹੈ ਕਿ ਜਦੋਂ ਇਨਸਾਫ਼ ਲੈਣ ਲਈ ਸਟੇਜਾਂ ਲਗਦੀਆਂ ਹਨ, ਉਦਾਸੀ ਦੇ ਗੀਤ ਗੂੰਜਦੇ ਹਨ।
ਇਸ ਮੌਕੇ ਅਜਮੇਰ ਅਕਲੀਆ, ਰਾਮ ਸਰੂਪ ਸ਼ਰਮਾ, ਰਘਵੀਰ ਸਿੰਘ ਕੱਟੂ, ਅਰਮਾਨਦੀਪ ਭੋਤਨਾ, ਮਨਦੀਪ ਕੌਰ ਭਦੌੜ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਗਗਨਦੀਪ ਕੌਰ ਰਾਏਸਰ, ਹਾਕਮ ਸਿੰਘ ਨੂਰ, ਜਗਜੀਤ ਕੌਰ ਢਿੱਲਵਾਂ, ਰਜਨੀਸ਼ ਕੌਰ ਬਬਲੀ ਅਤੇ ਸੋਹਣ ਸਿੰਘ ਮਾਝੀ ਨੇ ਉਦਾਸੀ ਦੇ ਗੀਤ ਅਤੇ ਆਪਣੀਆਂ ਗੀਤ-ਕਵਿਤਾਵਾਂ ਪੇਸ਼ ਕੀਤੀਆਂ। ਸਕੂਲੀ ਬੱਚਿਆਂ ਮਹਿਕਦੀਪ ਕੌਰ, ਮਹਿਕਪ੍ਰੀਤ ਕੌਰ, ਜਸਪ੍ਰੀਤ ਕੌਰ, ਮਨਵੀਰ ਕੌਰ, ਗੁਰਵੀਰ ਕਰ, ਪ੍ਰਭਜੋਤ ਕੌਰ ਅਤੇ ਰੀਤ ਕੌਰ ਨੇ ਵੀ ਉਦਾਸੀ ਦੇ ਗੀਤ ਗਾਏ। ਸਮੂਹ ਕਵੀਆਂ ਅਤੇ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਦਾਸੀ ਦੀ ਪਤਨੀ ਨਸੀਬ ਕੌਰ, ਸਪੁੱਤਰ ਮੋਹਕਮ ਸਿੰਘ, ਸਰਵਣ ਸਿੰਘ ਕਾਲਾਬੂਲਾ, ਹਰਪ੍ਰੀਤ ਸਿੰਘ ਗੋਪੀ ਤੇ ਹੋਰ ਲੇਖਕ ਤੇ ਪਿੰਡ ਵਾਸੀ ਹਾਜ਼ਰ ਸਨ।
