ਨੌਂ ਕੁਇੰਟਲ ਚੂਰਾ ਪੋਸਤ ਸਣੇ 3 ਕਾਬੂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਜੁਲਾਈ
ਪੰਜਾਬ ਪੁਲੀਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ 3 ਵਿਅਕਤੀਆਂ ਨੂੰ 9 ਕੁਇੰਟਲ ਡੋਡੇ, ਭੁੱਕੀ, ਚੂਰਾ ਪੋਸਤ ਸਮੇਤ ਇੱਕ ਟਰੱਕ ਕਾਬੂ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ।
ਪੁਲੀਸ ਵੱਲੋਂ ਜਾਰੀ ਬਿਆਨ ਅਨੁਸਾਰ 6 ਜੁਲਾਈ ਨੂੰ ਸਥਾਨਕ ਥਾਣਾ ਕੈਨਾਲ ਕਲੋਨੀ ਅਤੇ ਕਾਊਂਟਰ ਇੰਟੈਲੀਜੈਂਸ ਦੀ ਪੁਲੀਸ ਪਾਰਟੀ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਸਬੰਧੀ ‘ਨੰਨ੍ਹੀ ਛਾਂ ਚੌਂਕ’ ਕੋਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲੀਸ ਕਰਮਚਾਰੀਆਂ ਨੇ ਬਾਦਲ ਰੋਡ ’ਤੇ ਰਿੰਗ ਰੋਡ ਦੇ ਟੀ-ਪੁਆਇੰਟ ਕੋਲ ਇੱਕ ਟਰੱਕ (ਨੰਬਰੀ ਆਰ.ਜੇ 6 ਜੀ.ਬੀ 8586) ਖੜ੍ਹਾ ਵੇਖਿਆ। ਇੱਥੇ 3 ਵਿਅਕਤੀ ਟਰੱਕ ’ਤੇ ਪਾਈ ਤਰਪਾਲ ਨਾਲ ਛੇੜਛਾੜ ਕਰ ਰਹੇ ਸਨ। ਸ਼ੱਕ ਪੈਣ ’ਤੇ ਪੁਲੀਸ ਪਾਰਟੀਆਂ ਵੱਲੋਂ ਟਰੱਕ ਦੀ ਚੈਕਿੰਗ ਕੀਤੀ ਗਈ, ਤਾਂ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਭੁੱਕੀ, ਡੋਡੇ, ਚੂਰਾ ਪੋਸਤ ਬਰਾਮਦ ਹੋਇਆ।
ਮੁਲਜ਼ਮਾਂ ਦੀ ਪਛਾਣ ਸਾਵਰ ਲਾਲ ਵਾਸੀ ਅਜਮੇਰ ਰਾਜਸਥਾਨ, ਜਗਦੀਪ ਸਿੰਘ ਵਾਸੀ ਪਿੰਡ ਨਿਉਰ ਜ਼ਿਲ੍ਹਾ ਬਠਿੰਡਾ ਅਤੇ ਗੁਰਤੇਜ ਸਿੰਘ ਵਾਸੀ ਪਿੰਡ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਵਜੋਂ ਹੋਈ। ਪੁਲੀਸ ਵੱਲੋਂ ਤਿੰਨਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਹੁਣ ਨਸ਼ੀਲੇ ਪਦਾਰਥਾਂ ਕਿੱਥੋਂ ਲਿਆਂਦੇ ਅਤੇ ਕਿੱਥੇ ਲਿਜਾਣੇ ਸਨ, ਇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ।