ਵਿਕਾਸ ਕਾਰਜਾਂ ਲਈ 3.13 ਕਰੋੜ ਦੀ ਰਾਸ਼ੀ ਜਾਰੀ
ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਅੱਜ ਹਲਕੇ ਦੇ ਮੁੱਖ ਕਸਬੇ ਕੋਟ ਈਸੇ ਖਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਫੰਡ ਸਰਕਾਰ ਤੋਂ ਜਾਰੀ ਕਰਵਾ ਕੇ ਨਗਰ ਪੰਚਾਇਤ ਨੂੰ ਭੇਟ ਕੀਤੇ ਗਏ। ਨਗਰ ਪੰਚਾਇਤ ਦੇ ਦਫ਼ਤਰ ਵਿੱਚ ਸਮਾਗਮ ਦੌਰਾਨ ਨਗਰ ਪੰਚਾਇਤ ਦੇ ਪ੍ਰਧਾਨ ਛਿੰਦਰ ਕੌਰ ਰਾਜਪੂਤ ਅਤੇ ਉਪ ਪ੍ਰਧਾਨ ਬਿੱਟੂ ਮਲਹੋਤਰਾ ਦੀ ਅਗਵਾਈ ਹੇਠ ਸਮੂਹ ਹਾਜ਼ਰ ਮੈਂਬਰਾਂ ਨੂੰ 3 ਕਰੋੜ 13 ਲੱਖ 71 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈਕ ਭੇਟ ਕੀਤੇ ਗਏ। ਇਸ ਮੌਕੇ ਵਿਧਾਇਕ ਢੋਸ ਨੇ ਕਿਹਾ ਕਿ ਸਰਕਾਰ ਵਲੋਂ ਜਾਰੀ ਇਨ੍ਹਾਂ ਫੰਡਾਂ ਨਾਲ ਕੋਟ ਈਸੇ ਖਾਂ ਨੂੰ ਨਵੀਂ ਦਿੱਖ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਖੇਡ ਸਟੇਡੀਅਮ, ਸਵਾਗਤੀ ਗੇਟਾਂ ਦੀ ਉਸਾਰੀ, ਨਵੇਂ ਬਣ ਰਹੇ ਬੱਸ ਅੱਡੇ ਦਾ ਸੁੰਦਰੀਕਰਨ, ਗਲੀਆਂ ਨਾਲੀਆਂ ਦੇ ਅਧੂਰੇ ਪਏ ਕੰਮ, ਸਟਰੀਟ ਲਾਈਟਾਂ, ਗਊਸ਼ਾਲਾ ਦੇ ਪਾਰਕ ਦੀ ਸੁੰਦਰਤਾ ਅਤੇ ਪਖਾਨਿਆਂ ਆਦਿ ਤੋਂ ਇਲਾਵਾ ਹੋਰ ਵੀ ਅਧੂਰੇ ਕੰਮ ਨੇਪਰੇ ਚਾੜ੍ਹੇ ਜਾਣਗੇ। ਇਸ ਮੌਕੇ ਵਿਜੈ ਧੀਰ ਕੋਆਰਡੀਨੇਟਰ ਵਪਾਰ ਸੈੱਲ, ਗੁਰਪ੍ਰੀਤ ਸਿੰਘ ਸਿੱਧੂ, ਸੁੱਚਾ ਸਿੰਘ ਪੁਰਬਾ, ਸੁਰਿੰਦਰਪਾਲ ਸਿੰਘ ਸਚਦੇਵਾ ਵੀ ਹਾਜ਼ਰ ਸਨ।