ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੋਗਾ ਜ਼ਿਲ੍ਹੇ ਦੇ ਸੱਤ ਪਿੰਡਾਂ ਦੀ 2200 ਏਕੜ ਫ਼ਸਲ ਪਾਣੀ ’ਚ ਡੁੱਬੀ

ਪ੍ਰਸ਼ਾਸਨ ਵੱਲੋਂ ਮਸ਼ੀਨਾਂ ਨਾਲ ਡਰੇਨਾਂ ਦੀ ਸਫ਼ਾਈ ਸ਼ੁਰੂ; ਖੇਤੀਬਾਡ਼ੀ ਵਿਭਾਗ ਦੀਆਂ ਟੀਮਾਂ ਵੱਲੋਂ ਨੁਕਸਾਨ ਦਾ ਜਾਇਜ਼ਾ
ਬੱਧਨੀ ਕਲਾਂ ਖੇਤਰ ’ਚ ਫ਼ਸਲਾਂ ਦਾ ਜਾਇਜ਼ਾ ਲੈਂਦੇ ਹੋਏ ਗੁਰਪ੍ਰੀਤ ਸਿੰਘ ਤੇ ਉਨ੍ਹਾਂ ਦੀ ਟੀਮ।
Advertisement

ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਅਜੇ ਵੀ ਹਾਲਾਤ ਹੜ੍ਹਾਂ ਵਰਗੇ ਹਨ। ਸੈਂਕੜੇ ਏਕੜ ਫ਼ਸਲਾਂ ਪਾਣੀ ’ਚ ਡੁੱਬੀਆਂ ਹੋਈਆਂ ਹਨ। ਭਾਰੀ ਮੀਂਹ ਕਾਰਨ ਜਲਥਲ ਮਗਰੋਂ ਪ੍ਰਸ਼ਾਸਨ ਨੇ ਆਧੁਨਿਕ ਮਸ਼ੀਨਾਂ ਨਾਲ ਡਰੇਨਾਂ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਹੈ।

ਡੀਸੀ ਸਾਗਰ ਸੇਤੀਆ ਨੇ ਕਿਹਾ ਕਿ ਮੋਗਾ ਜ਼ਿਲ੍ਹੇ ’ਚ ਛੇ ਘੰਟਿਆਂ ਦੌਰਾਨ ਲਗਪਗ 150 ਸੈਂਟੀਮੀਟਰ ਮੀਂਹ ਪੈਣ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਹਰਗੋਬਿੰਦ ਨਗਰ ਤੇ ਹੋਰਨਾਂ ਖ਼ੇਤਰਾਂ ਵਿੱਚ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ। ਨੁਕਸਾਨ ਦੀ ਪੜਤਾਲ ਅਤੇ ਮੁਆਵਜ਼ੇ ਲਈ ਟੀਮਾਂ ਕੰਮ ਕਰ ਰਹੀਆਂ ਹਨ। ਖੇਤਾਂ ਵਿੱਚੋਂ ਪਾਣੀ ਘਟਣ ਬਾਅਦ ਫ਼ਸਲਾਂ ਦੇ ਖ਼ਰਾਬੇ ਬਾਰੇ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚੋਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ। ਮੋਗਾ ਅਤੇ ਬੁੱਟਰ ਡਰੇਨ ਦੇ ਨੇੜਲੇ ਪਿੰਡਾਂ ਵਿੱਚ ਪਾਣੀ ਜ਼ਿਆਦਾ ਭਰਨ ਕਾਰਨ ਐੱਨਐੱਚਏਆਈ ਨੂੰ ਤੁਰੰਤ ਡਰੇਨਾਂ ਵਿੱਚ ਆਈ ਰੁਕਾਵਟ ਨੂੰ ਦੂਰ ਕਰ ਕੇ ਨਿਕਾਸੀ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਪਿੰਡ ਵਾਸੀਆਂ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਐਕਸੈਵੇਟਰਾਂ ਅਤੇ ਜੇਸੀਬੀ, ਪੋਪਲੇਨ ਵਰਗੀਆਂ ਮਸ਼ੀਨਾਂ ਦੀ ਵਰਤੋਂ ਕਰ ਕੇ ਡਰੇਨਾਂ ਵਿੱਚ ਰੁਕਾਵਟਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਨੀਂਵੇ ਪੁਲਾਂ ਦੀ ਉਸਾਰੀ ਬਾਰੇ ਉਨ੍ਹਾਂ ਕਿਹਾ ਕਿ ਐੱਨਐੱਚਏਆਈ ਤੇ ਸਿੰਜਾਈ ਵਿਭਾਗ ਤੋਂ ਪ੍ਰਵਾਨਿਤ ਡਰਾਇੰਗਾਂ ਮੁਤਾਬਕ ਪੁਲਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪੁਲਾਂ ਦੇ ਢਾਂਚੇ ਦੀ ਉਚਾਈ ਬੱਸਾਂ, ਟਰੈਕਟਰਾਂ ਹੋਰ ਵੱਡੇ ਵਾਹਨਾਂ ਨੂੰ ਧਿਆਨ ’ਚ ਰੱਖ ਕੀਤੀ ਜਾ ਰਹੀ ਹੈ।

Advertisement

ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਿਭਾਗੀ ਟੀਮ ਨਾਲ ਬੱਧਨੀ ਕਲਾਂ ਖੇਤਰ ਦਾ ਦੌਰਾ ਕਰ ਕੇ ਫ਼ਸਲਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਕਰੀਬ ਸੱਤ ਪਿੰਡਾਂ ਵਿੱਚ ਲਗਪਗ 2200 ਏਕੜ ਫ਼ਸਲ ਡੁੱਬੀ ਹੋਈ ਹੈ ਤੇ ਪਾਣੀ ਹੌਲੀ ਹੌਲੀ ਘਟ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਾਨ ਦੀ ਝੋਨੇ ਦੀ ਫ਼ਸਲ ਨੁਕਸਾਨੀ ਗਈ ਤਾਂ ਉਸ ਲਈ ਪਨੀਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Advertisement