ਕੇਂਦਰੀ ’ਵਰਸਿਟੀ ਪੰਜਾਬ ਦੇ 22 ਅਧਿਆਪਕ ਦੋ ਫ਼ੀਸਦੀ ਵਿਗਿਆਨੀਆਂ ਦੀ ਸੂਚੀ ’ਚ ਸ਼ਾਮਲ
ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਲਈ ਮਾਣ ਦਾ ਮੌਕਾ ਹੈ ਕਿ ਇਸ ਦੇ 22 ਅਧਿਆਪਕਾਂ, ਇੱਕ ਖੋਜ ਸਹਿਯੋਗੀ ਅਤੇ ਦੋ ਖੋਜਾਰਥੀਆਂ ਨੂੰ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਦੁਨੀਆ ਦੀ ਸਿਖਰਲੀ ਦੋ ਫ਼ੀਸਦੀ ਗਲੋਬਲ ਸਾਇੰਟਿਸਟਸ ਸੂਚੀ 2025 ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ 20 ਸਤੰਬਰ, 2025 ਨੂੰ ਐਲਸੇਵੀਅਰ ਡੇਟਾ ਰਿਪੋਜ਼ਟਰੀ ਰਾਹੀਂ ਜਾਰੀ ਕੀਤੀ ਗਈ।
ਇਸ ਸੂਚੀ ਵਿੱਚ ਵਿਗਿਆਨੀਆਂ ਦੀ ਚੋਣ ਉਨ੍ਹਾਂ ਦੇ ਐਚ-ਸੂਚਕਾਂਕ, ਸਾਇਟੇਸ਼ਨ ਮੈਟਰਿਕਸ, ਕੋ-ਆਥਰਸ਼ਿਪ ਅਡਜਸਟਡ ਇੰਡੈਕਸ ਅਤੇ ਖੋਜ ਯੋਗਦਾਨ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਇਸ ਸਾਲ ਸੀਯੂ ਪੰਜਾਬ ਦੀ ਸਭ ਤੋਂ ਵੱਧ ਪ੍ਰਤੀਨਿਧਤਾ ਦਰਜ ਹੋਈ ਹੈ। 2022 ਵਿੱਚ 8, 2023 ਵਿੱਚ 11, 2024 ਵਿੱਚ 18 ਅਤੇ ਹੁਣ 2025 ਵਿੱਚ 25 ਵਿਗਿਆਨੀ ਇਸ ਪ੍ਰਤਿਸ਼ਠਿਤ ਸੂਚੀ ਦਾ ਹਿੱਸਾ ਬਣੇ ਹਨ। ਇਸ ਵਾਰ ਦੇ ਸ਼ਾਮਲ ਨਾਮਾਂ ਵਿੱਚ ਡਾ. ਬਾਲਾਚੰਦਰ ਵੇਲਿੰਗੀਰੀ, ਪ੍ਰੋ. ਵਿਨੋਦ ਕੁਮਾਰ ਗਰਗ, ਪ੍ਰੋ. ਜਸਵਿੰਦਰ ਸਿੰਘ ਭੱਟੀ, ਡਾ. ਪੁਨੀਤ ਕੁਮਾਰ, ਪ੍ਰੋ. ਰਣਧੀਰ ਸਿੰਘ, ਡਾ. ਸ਼ਰੂਤੀ ਕੰਗਾ, ਪ੍ਰੋ. ਰਾਜ ਕੁਮਾਰ, ਪ੍ਰੋ. ਪ੍ਰਦੀਪ ਕੁਮਾਰ, ਡਾ. ਉਜਵਲ ਸ਼ਰਮਾ, ਪ੍ਰੋ. ਸੁਰੇਸ਼ ਥਰੇਜਾ, ਡਾ. ਵਿਕਰਮਦੀਪ ਸਿੰਘ ਮੋਂਗਾ, ਡਾ. ਮਹਾਂਲਕਸ਼ਮੀ ਅਈਅਰ, ਅੰਕਿਤ ਕੇ. ਸਿੰਘ ਅਤੇ ਰਿਸ਼ਿਕਾ ਧਪੋਲਾ ਸਮੇਤ ਹੋਰ ਵਿਗਿਆਨੀ ਸ਼ਾਮਲ ਹਨ। ਖ਼ਾਸ ਤੌਰ ’ਤੇ ਪ੍ਰੋ. ਵਿਨੋਦ ਕੁਮਾਰ ਗਰਗ, ਪ੍ਰੋ. ਪੁਨੀਤ ਕੁਮਾਰ ਅਤੇ ਪ੍ਰੋ. ਰਾਜ ਕੁਮਾਰ ਨੂੰ ਆਪਣੇ ਪੂਰੇ ਕਰੀਅਰ ਦੌਰਾਨ ਕੀਤੇ ਸ਼ਾਨਦਾਰ ਖੋਜ ਕਾਰਜ ਲਈ ਕਰੀਅਰ-ਲੰਬੀ ਸ਼੍ਰੇਣੀ ਵਿੱਚ ਵੀ ਮਾਨਤਾ ਪ੍ਰਾਪਤ ਹੋਈ ਹੈ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਇਹ ਮਾਨਤਾ ਯੂਨੀਵਰਸਿਟੀ ਦੀ ਖੋਜ ਅਤੇ ਨਵੀਨਤਾ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ।