155 ਬਟਾਲੀਅਨ ਨੇ 61ਵਾਂ ਸਥਾਪਨਾ ਦਿਵਸ ਮਨਾਇਆ
ਸੀਮਾ ਸੁਰੱਖਿਆ ਬਲ ਦੀ 155 ਬਟਾਲੀਅਨ ਵੱਲੋਂ ਅੱਜ ਜੁਆਇੰਟ ਚੈੱਕ ਪੋਸਟ ਹੁਸੈਨੀਵਾਲਾ ਵਿੱਚ ਆਪਣਾ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਕਮਾਂਡੈਂਟ ਸਰਵਣ ਨਾਥ ਗੋਸਵਾਮੀ ਨੇ ਸਥਾਪਨਾ ਦਿਵਸ ਦੇ ਮਹੱਤਵ ਬਾਰੇ ਚਰਚਾ ਕੀਤੀ ਅਤੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਜਵਾਨਾਂ ਨੂੰ ਡਿਊਟੀ ਤਨਦੇਹੀ, ਅਨੁਸ਼ਾਸਨ ਅਤੇ ਸੀਮਾਵਾਂ ਦੀ ਸੁਰੱਖਿਆ ਪ੍ਰਤੀ ਸਦਾ ਤੱਤਪਰ ਰਹਿਣ ਦਾ ਸੰਦੇਸ਼ ਦਿੱਤਾ। ਸਥਾਪਨਾ ਦਿਵਸ ਸਮਾਰੋਹ ਦੌਰਾਨ ਗੁਰੂ ਅਮਰਦਾਸ ਇੰਟਰਨੈਸ਼ਨਲ ਸਕੂਲ ਤੋਂ ਆਏ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਬੀ ਐੱਸ ਐੱਫ ਜਵਾਨਾਂ ਨੇ ਭੰਗੜਾ ਅਤੇ ਨਾਚ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਇਸ ਮੌਕੇ ਬਟਾਲੀਅਨ ਵੱਲੋਂ ਵਿਸ਼ੇਸ਼ ਕੰਮ ਕਰਨ ਵਾਲੇ ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਬੀ ਐੱਸ ਐੱਫ ਜਵਾਨਾਂ ਨੇ ਦੇਸ਼ ਦੀ ਸੁਰੱਖਿਆ, ਸ਼ਾਂਤੀ ਅਤੇ ਅਖੰਡਤਾ ਲਈ ਸੰਕਲਪ ਲਿਆ ਗਿਆ। ਇਹ ਪ੍ਰੋਗਰਾਮ ਦੇਸ਼ਭਗਤੀ ਦੀ ਭਾਵਨਾ ਨਾਲ ਭਰਪੂਰ ਰਿਹਾ। ਇਸ ਮੌਕੇ ਬਟਾਲੀਅਨ ਦੇ ਸਾਰੇ ਅਫ਼ਸਰ, ਅੰਡਰ ਅਫ਼ਸਰ ਤੇ ਜਵਾਨਾਂ ਸਮੇਤ ਡਾ. ਸਤਿਯੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਫਿਰੋਜ਼ਪੁਰ, ਅਰੁਣ ਚੌਧਰੀ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ, ਧਰਮਪਾਲ ਬੰਸਲ ਸਮਾਜਸੇਵੀ ਅਤੇ ਅਸ਼ੋਕ ਬਹਿਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
