ਧਿਗਤਾਨੀਆ ’ਚ ਦੋ ਕਿਸਾਨਾਂ ਦਾ 13 ਏਕੜ ਝੋਨਾ ਖ਼ਰਾਬ
ਪਿੰਡ ਧਿਗਤਾਨੀਆ ਦੇ ਦੋ ਕਿਸਾਨਾਂ ਦੀ ਝੋਨੇ ਦੀ 13 ਏਕੜ ਫਸਲ ਖ਼ਰਾਬ ਹੋਣ ਤੋਂ ਬਾਅਦ ਅੱਜ ਬੀ ਕੇ ਈ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਅਭੈ ਨਿਓਲ ਨੇ 8 ਏਕੜ ਅਤੇ ਪਵਨ ਕੁਮਾਰ ਨੇ 5 ਏਕੜ ਵਿੱਚ ਇਕ ਕੰਪਨੀ ਤੋਂ ਬੀਜ ਲੈ ਕੇ ਝੋਨੇ ਦੀ ਬਿਜਾਈ ਕੀਤੀ ਸੀ। ਕਿਸਾਨਾਂ ਵੱਲੋਂ ਹੁਣ ਤੱਕ ਪ੍ਰਤੀ ਏਕੜ ਲਗਪਗ 28,000 ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਝੋਨੇ ਦੀ ਫ਼ਸਲ ਖਰਾਬ ਹੋ ਚੁੱਕੀ ਹੈ। ਔਲਖ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਨਾਲ-ਨਾਲ ਘੱਟ-ਗੁਣਵੱਤਾ ਵਾਲੇ ਬੀਜਾਂ ਕਾਰਨ ਕਿਸਾਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਅਭੈ ਨਿਓਲ ਅਤੇ ਪਵਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਚੰਗਾ ਝਾੜ ਪ੍ਰਾਪਤ ਕਰਨ ਲਈ ਉਕਤ ਕੰਪਨੀ ਦਾ ਹਾਈਬ੍ਰਿਡ ਝੋਨੇ ਦਾ ਬੀਜ ਖਰੀਦਿਆ ਸੀ ਪਰ ਉਨ੍ਹਾਂ ਨੂੰ ਧੋਖਾਧੜੀ ਦਾ ਸਾਹਮਣਾ ਕਰਨਾ ਪਿਆ ਹੈ। ਔਲਖ ਨੇ ਉਪ ਖੇਤੀਬਾੜੀ ਨਿਰਦੇਸ਼ਕ ਡਾ. ਸੁਖਦੇਵ ਸਿੰਘ ਕੰਬੋਜ ਨਾਲ ਗੱਲ ਕਰਕੇ ਪ੍ਰਭਾਵਿਤ ਖੇਤਾਂ ਦਾ ਨਿਰੀਖਣ ਕਰਨ ਦੀ ਅਪੀਲ ਕਰਦਿਆਂ ਕੰਪਨੀ ਨੂੰ ਨੋਟਿਸ ਭੇਜ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਸ਼ਹਿਣਾ ਦੇ ਪਿੰਡਾਂ ਵਿੱਚ ਝੋਨੇ ਨੂੰ ਹਲਦੀ ਰੋਗ ਪਿਆ
ਸ਼ਹਿਣਾ (ਪੱਤਰ ਪ੍ਰੇਰਕ): ਬਲਾਕ ਸ਼ਹਿਣਾ ਦੇ ਅੱਧੀ ਦਰਜਨ ਪਿੰਡਾਂ ਵਿੱਚ ਝੋਨੇ ਨੂੰ ਹਲਦੀ ਰੋਗ ਪੈ ਗਿਆ ਹੈ। ਕਸਬਾ ਸ਼ਹਿਣਾ ਵਿੱਚ ਕਾਕਾ ਸਿੰਘ ਨਾਮ ਦੇ ਕਿਸਾਨ ਦੇ ਪੰਜ ਕਿੱਲੇ ਝੋਨੇ ਨੂੰ ਹਲਦੀ ਰੋਗ ਪੈ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਜਿਆਦਾ ਬਾਰਸ਼ਾਂ ਹੋਣ ਪਿੱਛੋਂ ਇੱਕਦਮ ਗਰਮੀ ਹੋ ਗਈ ਹੈ। ਇੱਕਦਮ ਗਰਮੀ ਹੋਣ ਕਾਰਨ ਇਹ ਹਲਦੀ ਰੋਗ ਪੈ ਗਿਆ ਹੈ। ਹਲਦੀ ਰੋਗ ਪੈਣ ਨਾਲ ਝੋਨੇ ਦੇ ਝਾੜ ਤੇ ਮਾਰੂ ਅਸਰ ਪਵੇਗਾ। ਕਿਸਾਨਾਂ ਅਨੁਸਾਰ 10 ਤੋਂ 20 ਮਣ ਪ੍ਰਤੀ ਕਿੱਲਾ ਝਾੜ ਘਟਣ ਦੀ ਸੰਭਾਵਨਾ ਹੈ।