ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਅੱਜ
ਜ਼ਿਲ੍ਹਾ ਪਰਿਸ਼ਦ ਲਈ 1 ਤੋਂ 24 ਜ਼ੋਨਾਂ ਵਾਸਤੇ ਤਿੰਨ ਉਮੀਦਵਾਰ ਅਤੇ 10 ਪੰਚਾਇਤ ਸਮਿਤੀਆਂ ਦੀਆਂ ਚੋਣਾਂ ਵਾਸਤੇ 63 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ। ਜ਼ਿਲ੍ਹਾ ਪਰਿਸ਼ਦ ਦੀ ਚੋਣ ਵਾਸਤੇ ਇਸ ਵੇਲੇ 65 ਉਮੀਦਵਾਰ ਮੈਦਾਨ ਵਿੱਚ ਹਨ ਅਤੇ 10 ਪੰਚਾਇਤ ਸਮਿਤੀਆਂ ਵਾਸਤੇ 379 ਮੈਦਾਨ ਵਿੱਚ ਹਨ। ਜਦੋਂ ਕਿ ਪੁਲੀਸ ਵਧੀਕੀ ਦੇ ਰੋਸ ਵਜੋਂ ਕਾਂਗਰਸ ਵੱਲੋਂ ਵਿਧਾਨ ਸਭਾ ਹਲਕਾ ਰਾਜਾ ਸਾਂਸੀ, ਮਜੀਠਾ ਤੇ ਅਜਨਾਲਾ ਵਿੱਚ ਇਹਨਾਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਪੁਲਿਸ ਦੇ ਬਾਰਡਰ ਰੇਂਜ ਤੇ ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਲਗਭਗ 2800 ਪੁਲੀਸ ਕਰਮਚਾਰੀ ਸੁਰੱਖਿਆ ਪ੍ਰਬੰਧਾਂ ਵਾਸਤੇ ਤਾਇਨਾਤ ਕੀਤੇ ਗਏ ਹਨ। ਇਸ ਵਿੱਚ ਜ਼ਿਲ੍ਹੇ ਤੋਂ ਬਾਹਰੋਂ ਮੰਗਾਈ ਗਈ ਰਿਜ਼ਰਵ ਪੁਲੀਸ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪ੍ਰਬੰਧਾਂ ਜਾਇਜ਼ਾ ਲਿਆ ਗਿਆ ਹੈ ਅਤੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
