ਯੁਵਕ ਮੇਲਾ: ਗੱਭਰੂਆਂ ਨੇ ਝੂਮਰ ਨਾਲ ਦਰਸ਼ਕ ਕੀਲੇ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ਸੂਬਾ ਪੱਧਰੀ ਅੰਤਰ-’ਵਰਸਿਟੀ ਯੁਵਕ ਮੇਲੇ ਦੇ ਤੀਜੇ ਦਿਨ ਓਪਨ ਲੋਕ ਨਾਚ ਝੂਮਰ, ਲੁੱਡੀ ਅਤੇ ਸੰਮੀਆਂ ਤੋਂ ਇਲਾਵਾ ਗਤਕਾ, ਕਲਾਸੀਕਲ ਨਾਚ, ਕਵੀਸ਼ਰੀ, ਵਾਰ ਗਾਇਨ, ਕਲੀ, ਨੁਕੜ ਨਾਟਕ ਅਤੇ ਬਹਿਸ ਦੇ ਮੁਕਾਬਲੇ ਕਰਵਾਏ ਗਏ। ਗੱਭਰੂਆਂ ਦੇ ਲੋਕ ਨਾਚ ਝੂਮਰ ਅਤੇ ਮੁਟਿਆਰਾਂ ਦੀਆਂ ਲੁਡੀਆਂ ਤੇ ਸੰਮੀਆਂ ਦੀ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਜ਼ਿਕਰਯੋਗ ਹੈ ਕਿ ਯੁਵਕ ਸੇਵਾਵਾਂ ਵਿਭਾਗ ਵੱਲੋਂ ਪਹਿਲੀ ਵਾਰ ਯੂਨੀਵਰਸਿਟੀ ਪੱਧਰ ਉਤੇ ਗਤਕੇ ਦੀਆਂ ਟੀਮਾਂ ਦੇ ਮੁਕਾਬਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅੱਜ ਗਤਕੇ ਦੇ ਮੁਕਾਬਲਿਆਂ ਵਿੱਚ ਨੌਜਵਾਨਾਂ ਵੱਲੋਂ ਜੌਹਰ ਦਿਖਾਏ ਗਏ। ਕਵੀਸ਼ਰੀ ਦੇ ਮੁਕਾਬਲਿਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਕਲੀ ਦੇ ਮੁਕਾਬਲਿਆਂ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਭਾਸ਼ਣ ਮੁਕਾਬਲੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਗਤਕੇ ਦੇ ਮੁਕਾਬਲੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਅਤੇ ਵਾਰ ਗਾਇਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਝੂਮਰ ਦੇ ਮੁਕਾਬਲੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨੁੱਕੜ ਨਾਟਕ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਰਾਜ ਪੱਧਰ ’ਤੇ ਮੱਲ ਮਾਰੀ। ਯੁਵਕ ਮੇਲੇ ਦੇ ਤੀਜੇ ਦਿਨ ਦੀ ਸ਼ਾਮ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਹਰਜੀਤ ਹਰਮਨ ਨੇ ਦਰਸ਼ਕਾਂ ਨੂੰ ਆਪਣੀ ਗਾਇਕੀ ਦੀ ਪੇਸ਼ਕਾਰੀ ਨਾਲ ਝੂਮਣ ਲਾ ਦਿੱਤਾ। ਇਸ ਦਿਲਕਸ਼ ਸ਼ਾਮ ਦਾ ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਵੱਲੋਂ ਆਨੰਦ ਮਾਣਿਆ ਗਿਆ।
