ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧੁੱਸੀ ਬੰਨ੍ਹ ਮਜ਼ਬੂਤ ਕਰਨ ਦੇ ਕਾਰਜਾਂ ’ਚ ਤੇਜ਼ੀ

ਮੀਂਹ ਰੁਕਣ ਮਗਰੋਂ ਇਲਾਕਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ
ਵਿਧਾਇਕ ਸ਼ੇਰੋਵਾਲੀਆ ਗਿੱਦੜਪਿੰਡੀ ਦੇ ਰੇਲਵੇ ਪੁਲ ’ਤੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ।
Advertisement

ਅੱਜ ਇਲਾਕੇ ਵਿੱਚ ਮੀਂਹ ਦੇ ਰੁਕ ਜਾਣ ਕਾਰਨ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ। ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਨੂੰ ਕਈ ਥਾਵਾਂ ’ਤੇ ਮਜ਼ਬੂਤ ਕਰਨ ਲਈ ਲੱਗੇ ਸਰਕਾਰੀ ਮੁਲਾਜ਼ਮਾਂ ਅਤੇ ਆਮ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਅੱਜ ਕੰਮ ਵਿੱਚ ਤੇਜ਼ੀ ਲਿਆਂਦੀ ਗਈ। ਚਿੱਟੀ ਵੇਈਂ ਵਿੱਚ ਆਏ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਵਿੱਚ ਤੇਜ਼ੀ ਆਈ। ਬਲਾਕ ਲੋਹੀਆਂ ਖਾਸ ਦੇ ਪਿੰਡ ਗੱਟਾ ਮੁੰਡੀ ਕਾਸੂ, ਲੱਖੂ ਦੀਆਂ ਛੰਨ੍ਹਾਂ ਅਤੇ ਧੱਕਾ ਬਸਤੀ ਦੇ ਨਜ਼ਦੀਕ 2019 ਵਿੱਚ ਦਰਿਆ ਸਤਲੁਜ ਦਾ ਧੁੱਸੀ ਬੰਨ੍ਹ ਜਿਸ ਥਾਂ ਤੋਂ ਟੁੱਟਿਆ ਸੀ, ਉਸੇ ਥਾਂ ਤੋਂ ਬੰਨ੍ਹ ਦੇ ਰਿਸਣ ਲੱਗ ਪਿਆ। ਇਸ ਖਤਰੇ ਨੂੰ ਦੇਖਦਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ੍ਹ ਨੂੰ ਮਜਬੂਤ ਕਰਨ ਲਈ ਫੌਜ ਬੁਲਾ ਲਈ। ਇਸ ਖਤਰੇ ਨੂੰ ਦੇਖਦਿਆਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵੀ ਕਾਂਗਰਸੀ ਟੀਮ ਨੂੰ ਨਾਲ ਲੈ ਕੇ ਧੁੱਸੀ ਬੰਨ੍ਹ ਦੇ ਉਕਤ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣਕੇ ਡੀਸੀ ਜਲੰਧਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਗਿੱਦੜਪਿੰਡੀ ਦੇ ਰੇਲਵੇ ਪੁੱਲ ’ਤੇ ਚੱਲ ਰਹੇ ਬਚਾਅ ਤੇ ਰਾਹਤ ਕਾਰਜ਼ਾਂ ਦਾ ਜਾਇਜ਼ਾ ਲਿਆ। ਉਨ੍ਹਾਂ ਬੰਨ੍ਹ ਨੂੰ ਮਜਬੂਤ ਕਰਨ ਲਈ 2 ਜੇ.ਸੀ.ਬੀ ਮਸ਼ੀਨਾਂ ਅਤੇ ਬੰਨ੍ਹ ਤੇ ਮਿੱਟੀ ਲਿਆਉਣ ਲਈ 10 ਟਰਾਲੀਆਂ ਲਗਾਈਆਂ।

ਧੁੰਸੀ ਬੰਨ੍ਹ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ

Advertisement

ਫਿਲੌਰ (ਸਰਬਜੀਤ ਗਿੱਲ): ਸਤਲੁਜ ਦਰਿਆ ਦੇ ਬੰਨ੍ਹ ਟੁੱਟਣ ਦੇ ਸੰਭਵੀਂ ਖਤਰੇ ਨੂੰ ਦੇਖਦੇ ਹੋਏ ਪਿੰਡ ਸੰਗੋਵਾਲ ਵਿੱਚ ਬੰਨ੍ਹ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਿੰਡ ਦੇ ਨੇੜਿਓਂ ਇੱਕ ਨੋਚ ਪਾਣੀ ਦਾ ਹਮਲਾ ਨਾ ਸਹਾਰਦੀ ਹੋਈ ਦਰਿਆ ਬੁਰਦ ਹੋ ਗਈ ਸੀ, ਜਿਸ ਕਾਰਨ ਧੁੰਸੀ ਬੰਨ੍ਹ ਨੂੰ ਖਤਰਾ ਵਧ ਗਿਆ ਸੀ। ਇਲਾਕੇ ਦੇ ਨੌਜਵਾਨ ਦਰੱਖਤ ਕੱਟ-ਕੱਟ ਕੇ ਦਰਿਆ ’ਚ ਸੁੱਟ ਰਹੇ ਹਨ ਤਾਂ ਜੋ ਪਾਣੀ ਦੀ ਰਫ਼ਤਾਰ ਨੂੰ ਘੱਟ ਕੀਤਾ ਜਾ ਸਕੇ। ਇਸ ਦੌਰਾਨ ਲਗਾਤਾਰ ਰੇਤੇ ਦੇ ਬੋਰੇ ਭਰ ਕੇ ਮਸ਼ੀਨਾਂ ਦੀ ਮਦਦ ਨਾਲ ਦਰਿਆ ’ਚ ਸੁੱਟੇ ਜਾ ਰਹੇ ਹਨ। ਵਿਧਾਇਕਾ ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਪੰਜ ਕਰੋੜ ਰੁਪਏ ਨਾਲ ਬੰਨ੍ਹ ਦਾ ਕੰਮ ਕਰਵਾਇਆ ਹੈ। ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ ਨੇ ਦੱਸਿਆ ਕਿ ਇਲਾਕੇ ਦੇ ਨੌਜਵਾਨ ਕੁਦਰਤ ਨਾਲ ਮੁਕਾਬਲਾ ਕਰ ਰਹੇ ਹਨ। ਦੂਜੇ ਪਾਸੇ ਛਾਓਲੇ ਬਜਾੜ ਧੁੰਸੀ ਬੰਨ੍ਹ ’ਤੇ ਵੀ ਮਿੱਟੀ ਪਾ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ ਜਿਸ ਦੀ ਨਿਗਰਾਨੀ ਹਲਕਾ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ ਕਰ ਰਹੇ ਹਨ। ਇਸ ਥਾਂ ’ਤੇ ਵੀ ਮਸ਼ੀਨਾਂ ਦੀ ਮਦਦ ਨਾਲ ਮਿੱਟੀ ਪਾਈ ਜਾ ਰਹੀ ਹੈ।

Advertisement
Show comments