ਭਾਜਪਾ ਦੀਆਂ ਕੋਝੀਆਂ ਚਾਲਾਂ ਸਫ਼ਲ ਨਹੀਂ ਹੋਣ ਦਿਆਂਗੇ: ਈਟੀਓ
ਭਾਜਪਾ ਆਗੂਆਂ ਨੂੰ ਕੇਂਦਰੀ ਸਕੀਮਾਂ ਬਾਰੇ ਕੈਂਪ ਲਾਉਣ ਤੋਂ ਰੋਕੇ ਜਾਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੌਰਾਨ ਅੱਜ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਸਮੁੱਚੀ ਲੀਡਰਸ਼ਿਪ ਨੇ ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਘੇਰਦਿਆਂ ਦੋਸ਼ ਲਾਇਆ ਕਿ ਭਾਰਟੀ ਜਨਤਾ ਪਾਰਟੀ ਵੱਲੋਂ ਪਹਿਲਾਂ ਕੇਵਾਈਸੀ ਦੇ ਨਾਂ ’ਤੇ 23 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਅਤੇ ਹੁਣ 8 ਲੱਖ ਪਰਿਵਾਰਾਂ (ਭਾਵ 32 ਲੱਖ ਲੋਕਾਂ) ਦੇ ਰਾਸ਼ਨ ਕਾਰਡ ਹੋਰ ਕੱਟੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਰੁੱਧ ਚਲਾਈਆਂ ਜਾ ਰਹੀਆਂ ਕੋਝੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਸਬੰਧੀ ਕੈਬਨਿਟ ਮੰਤਰੀ ਹਰਭਜਨ ਸ਼ਿਘ ਈਟੀ.ਓ. ਨੇ ਭਾਜਪਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੀ ਕੀਮਤ ’ਤੇ ਪੰਜਾਬੀਆਂ ਨਾਲ ਧੋਖਾ ਨਹੀਂ ਹੋਣ ਦੇਵੇਗੀ ਅਤੇ ਮਜ਼ਦੂਰਾਂ, ਦਲਿਤਾਂ, ਕਿਸਾਨਾਂ ਦੇ ਰਾਸ਼ਨ ਕਾਰਡਾਂ ਨੂੰ ਨਹੀਂ ਕੱਟਣ ਦੇਵੇਗੀ। ਉਨਾਂ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ। ਇਸ ਮੌਕੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਕੁਲਦੀਪ ਸਿੰਘ ਧਾਲੀਵਾਲ, ਡਾ. ਅਜੈ ਗੁਪਤਾ, ਜਸਵਿੰਦਰ ਸਿੰਘ ਰਮਦਾਸ, ਦਲਬੀਰ ਸਿੰਘ ਟੌਂਗ ਤੋ ਇਲਾਵਾ ਜਸਕਰਨ ਸਿੰਘ ਬੰਦੇਸ਼ਾ, ਚੇਅਰਮੈਨ ਕਰਮਜੀਤ ਸਿੰਘ ਰਿੰਟੂ, ਤਲਬੀਰ ਸਿੰਘ ਗਿੱਲ, ਸੋਨੀਆ ਮਾਨ, ਸ਼ਹਿਰ ਜਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ, ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਸੰਧੂ ਸਮੇਤ ਹੋਰ ਆਗੂ ਵੀ ਹਾਜ਼ਰ ਸਨ।