ਵਿਦੇਸ਼ ਜਾ ਕੇ ਪਤੀ ਨੂੰ ਬੁਲਾਉਣ ਤੋਂ ਮੁੱਕਰੀ ਪਤਨੀ
ਕੇ ਪੀ ਸਿੰਘ
ਗੁਰਦਾਸਪੁਰ, 26 ਅਪਰੈਲ
ਵਿਆਹ ਮਗਰੋਂ ਮੁੰਡੇ ਵਾਲਿਆਂ ਦੇ ਲੱਖਾਂ ਰੁਪਏ ਖਰਚਾ ਕੇ ਆਪਣੇ ਪਤੀ ਨੂੰ ਵਿਦੇਸ਼ ਬੁਲਾਉਣ ਦਾ ਵਾਅਦਾ ਕਰ ਕੇ ਮੁੱਕਰ ਜਾਣ ਦੇ ਦੋਸ਼ ਹੇਠ ਕਾਹਨੂੰਵਾਨ ਪੁਲੀਸ ਨੇ ਕੁੜੀ ਸਣੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਭਿੱਟੇ ਵੱਢ ਵਾਸੀ ਹਰਬੰਸ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਲੜਕੇ ਰੌਬਿਨ ਪ੍ਰੀਤ ਸਿੰਘ ਦੀ ਸ਼ਾਦੀ 24 ਮਾਰਚ 2022 ਨੂੰ ਕੋਮਲਪ੍ਰੀਤ ਕੌਰ ਵਾਸੀ ਰਾਊਵਾਲ ਨਾਲ ਇਸ ਸ਼ਰਤ ’ਤੇ ਹੋਈ ਸੀ ਕਿ ਮੁੱਦਈ ਦਾ ਲੜਕਾ ਰੌਬਿਨ ਪ੍ਰੀਤ ਸਿੰਘ, ਕੋਮਲਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਵਾਸਤੇ ਪੈਸੇ ਖ਼ਰਚ ਕਰੇਗਾ ਅਤੇ ਕੋਮਲਪ੍ਰੀਤ ਕੌਰ ਵਿਦੇਸ਼ ਜਾ ਕੇ ਉਸਦੇ ਵੀਜ਼ੇ ਦਾ ਪ੍ਰਬੰਧ ਕਰੇਗੀ। ਹਰਬੰਸ ਸਿੰਘ ਅਨੁਸਾਰ ਉਸ ਨੇ ਪੈਸਿਆਂ ਦਾ ਇੰਤਜ਼ਾਮ ਕਰ ਕੇ ਕੋਮਲਪ੍ਰੀਤ ਕੌਰ ਨੂੰ 24 ਲੱਖ 58 ਹਜ਼ਾਰ ਰੁਪਏ ਖ਼ਰਚ ਕੇ ਕੈਨੇਡਾ ਭੇਜ ਦਿੱਤਾ ਪਰ ਕੌਮਲਪ੍ਰੀਤ ਕੌਰ ਨੇ ਰੌਬਿਨ ਪ੍ਰੀਤ ਸਿੰਘ ਨੂੰ ਨਾ ਤਾਂ ਕੈਨੇਡਾ ਬੁਲਾਇਆ ਅਤੇ ਨਾ ਹੀ ਉਸ ਦਾ ਵੀਜ਼ਾ ਅਪਲਾਈ ਕੀਤਾ। ਪੁਲੀਸ ਨੇ ਜਾਂਚ ਮਗਰੋਂ ਕੋਮਲਪ੍ਰੀਤ ਕੌਰ, ਉਸ ਦੇ ਪਿਤਾ ਬਲਵੰਤ ਸਿੰਘ ਅਤੇ ਭਰਾ ਗੁਰਬਖ਼ਸ਼ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।