ਪਤਨੀ ਦੀ ਭੇਤਭਰੀ ਹਾਲਤ ’ਚ ਮੌਤ; ਪਤੀ ਖ਼ਿਲਾਫ਼ ਕੇਸ
ਇਥੇ ਸਿਵਲ ਲਾਈਨ ਥਾਣੇ ਦੀ ਪੁਲੀਸ ਨੇ ਰੇਲਵੇ ਸਟੇਸ਼ਨ ਨੇੜੇ ਇੱਕ ਧਰਮਸ਼ਾਲਾ ਵਿੱਚ ਔਰਤ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਉਸ ਦੇ ਪਤੀ ਵਿਰੁੱਧ ਕੇਸ ਦਰਜ ਕੀਤਾ ਹੈ। ਮ੍ਰਿਤਕ ਔਰਤ ਦੀ ਪਛਾਣ ਸਰਿਤਾ ਸੋਨਕਰ ਵਜੋਂ ਹੋਈ ਹੈ, ਜੋ ਮਹਾਰਾਸ਼ਟਰ ਦੀ ਰਹਿਣ ਵਾਲੀ ਸੀ। ਇਹ ਔਰਤ ਆਪਣੇ ਪਤੀ ਗਣੇਸ਼ ਸੋਨਕਰ ਨਾਲ ਅੰਮ੍ਰਿਤਸਰ ਆਈ ਸੀ। ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਅਧਿਕਾਰੀਆਂ ਦੀ ਇੱਕ ਟੀਮ ਬਣਾਈ ਗਈ ਹੈ ਅਤੇ ਉਸ ਨੂੰ ਮਹਾਰਾਸ਼ਟਰ ਭੇਜ ਦਿੱਤਾ ਗਿਆ ਹੈ। ਪੁਲੀਸ ਦੇ ਅਨੁਸਾਰ ਰੇਲਵੇ ਸਟੇਸ਼ਨ ਨੇੜੇ ਧਰਮਸ਼ਾਲਾ ਦੇ ਸਟਾਫ ਨੇ ਸੋਮਵਾਰ ਦੇਰ ਰਾਤ ਪੁਲੀਸ ਨੂੰ ਸੂਚਿਤ ਕੀਤਾ ਕਿ ਇੱਕ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹ ਰਿਹਾ ਹੈ। ਸਟਾਫ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ। ਸਟਾਫ ਨੇ ਤੁਰੰਤ ਦਰਵਾਜ਼ਾ ਤੋੜਿਆ ਅਤੇ ਅੰਦਰ ਔਰਤ ਦੀ ਲਾਸ਼ ਮਿਲੀ। ਥੋੜ੍ਹੀ ਦੇਰ ਬਾਅਦ ਪੁਲੀਸ ਧਰਮਸ਼ਾਲਾ ਪਹੁੰਚੀ ਅਤੇ ਜਾਂਚ ਤੋਂ ਬਾਅਦ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੰਗਲਵਾਰ ਸ਼ਾਮ ਤੱਕ ਮ੍ਰਿਤਕਾ ਦਾ ਪਰਿਵਾਰ ਅੰਮ੍ਰਿਤਸਰ ਨਹੀਂ ਪਹੁੰਚਿਆ ਸੀ। ਪੁਲੀਸ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਿਤਾ ਦਾ ਪਰਿਵਾਰ ਬੁੱਧਵਾਰ ਤੱਕ ਅੰਮ੍ਰਿਤਸਰ ਪਹੁੰਚ ਜਾਵੇਗਾ ਅਤੇ ਪੋਸਟਮਾਰਟਮ ਕੀਤਾ ਜਾਵੇਗਾ। ਉਨ੍ਹਾਂ ਸਰਿਤਾ ਸੋਨਕਰ ਜੋ ਜ਼ਿਲ੍ਹਾ ਠਾਣਾ, ਮਹਾਰਾਸ਼ਟਰ ਦੀ ਰਹਿਣ ਵਾਲੀ ਸੀ, ਉਹ ਆਪਣੇ ਪਤੀ ਗਣੇਸ਼ ਸੋਨਕਰ ਨਾਲ ਅੰਮ੍ਰਿਤਸਰ ਆਈ ਸੀ। ਉਨਾਂ ਆਪਣੇ ਆਧਾਰ ਕਾਰਡ ਜਮ੍ਹਾਂ ਕਰਵਾ ਕੇ ਧਰਮਸ਼ਾਲਾ ਵਿੱਚ ਇੱਕ ਕਮਰਾ ਲਿਆ ਸੀ। ਸ਼ੱਕ ਹੈ ਕਿ ਕਿਸੇ ਨੇ ਸਰਿਤਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ, ਜਦੋਂ ਕਿ ਉਸਦਾ ਪਤੀ ਫਰਾਰ ਹੋ ਗਿਆ।
