ਹਥਿਆਰ ਬਰਾਮਦਗੀ: ਮੁਲਜ਼ਮ ਆਪਣੀ ਹੀ ਗੋਲੀ ਨਾਲ ਜ਼ਖ਼ਮੀ
ਸ਼ਹਿਰ ਦੀ ਪੁਲੀਸ ਨੇ ਵਿਦੇਸ਼ੀ ਗੈਂਗਸਟਰ ਪ੍ਰਭ ਦਾਸੂਵਾਲ ਦੇ ਨਾਲ ਸਬੰਧਤ ਦੋ ਕਾਰਕੁਨਾਂ ਨੂੰ ਫਿਰੌਤੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਅੱਜ ਇੱਥੇ ਇੱਕ ਹਥਿਆਰ ਦੀ ਬਰਾਮਦਗੀ ਦੌਰਾਨ ਨਿਊ ਅੰਮ੍ਰਿਤਸਰ ਖੇਤਰ ਵਿੱਚ ਇੱਕ ਸੁੰਨਸਾਨ ਜਗ੍ਹਾ ’ਤੇ ਹੋਏ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਰਨ ਤਾਰਨ ਦੇ ਮੁਹੱਲਾ ਨਾਨਕਸਰ ਦੇ ਰਹਿਣ ਵਾਲੇ ਰਵੀ ਅਤੇ ਜੋਬਨ ਸਿੰਘ ਨੂੰ ਬੀ ਡਿਵੀਜ਼ਨ ਪੁਲੀਸ ਸਟੇਸ਼ਨ ਖੇਤਰ ਵਿੱਚ ਇੱਕ ਵਪਾਰੀ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਰਿਪੋਰਟ ਦੀ ਜਾਂਚ ਤੋਂ ਬਾਅਦ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚੋਂ ਰਵੀ ਨੂੰ ਅੱਜ ਗੋਲੀਬਾਰੀ ਦੀ ਘਟਨਾ ਵਿੱਚ ਵਰਤੀ ਗਈ .30 ਬੋਰ ਦੀ ਪਿਸਤੌਲ ਬਰਾਮਦ ਕਰਨ ਵਾਸਤੇ ਨਿਊ ਅੰਮ੍ਰਿਤਸਰ ਖੇਤਰ ਵਿੱਚ ਇੱਕ ਸੁੰਨਸਾਨ ਜਗ੍ਹਾ ’ਤੇ ਲਿਜਾਇਆ ਗਿਆ ਸੀ, ਜਿੱਥੇ ਉਹ ਕਥਿਤ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਵਾਸਤੇ ਹਸਪਤਾਲ ਭੇਜਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰਵੀ ਆਪਣੀ ਹੀ ਪਿਸਤੌਲ ਨਾਲ ਚੱਲੀ ਗੋਲੀ ਨਾਲ ਜ਼ਖ਼ਮੀ ਹੋਇਆ ਜੋ ਉਸ ਦੀ ਲੱਤ ਵਿੱਚ ਲੱਗੀ ਹੈ। ਇਹ ਪਿਸਤੌਲ ਬਾਅਦ ਵਿੱਚ ਜ਼ਬਤ ਕਰ ਲਿਆ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਪ੍ਰਭ ਦਾਸੂਵਾਲ ਦੇ ਇਸ਼ਾਰੇ ’ਤੇ ਵਪਾਰੀ ਦੇ ਘਰ ਦੇ ਬਾਹਰ ਫਿਰੌਤੀ ਲਈ ਗੋਲੀਬਾਰੀ ਕੀਤੀ ਸੀ।