ਪਠਾਨਕੋਟ ਅੰਦਰ ਦਰਿਆਵਾਂ ’ਚ ਪਾਣੀ ਦਾ ਪੱਧਰ ਵਧਿਆ
ਹਿਮਾਚਲ ਪ੍ਰਦੇਸ਼ ਦੇ ਚੰਬਾ ਤੇ ਕਾਂਗੜਾ ਜ਼ਿਲ੍ਹਿਆਂ, ਜੰਮੂ ਕਸ਼ਮੀਰ ਦੇ ਕਠੂਆ ਅਤੇ ਪਠਾਨਕੋਟ ਜ਼ਿਲ੍ਹੇ ਵਿੱਚ ਲੰਘੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਉੱਝ ਦਰਿਆ ਵਿੱਚ ਸਵੇਰ ਵੇਲੇ ਪਾਣੀ ਦਾ ਪੱਧਰ ਵਧ ਕੇ ਇੱਕ ਲੱਖ 19 ਹਜ਼ਾਰ ਕਿਊਸਿਕ ਹੋ ਗਿਆ। ਡੀਸੀ ਪਠਾਨਕੋਟ ਅਦਿਤਿਆ ਉੱਪਲ ਨੇ ਚੌਕਸੀ ਵਜੋਂ ਸਰਹੱਦੀ ਬਲਾਕ ਬਮਿਆਲ ਤੇ ਨਰੋਟ ਜੈਮਲ ਸਿੰਘ ਦੇ ਸਾਰੇ ਸਕੂਲਾਂ ਵਿੱਚ ਅੱਜ ਛੁੱਟੀ ਕਰ ਦਿੱਤੀ। ਜਾਣਕਾਰੀ ਅਨੁਸਾਰ ਅੱਜ ਸਵੇਰੇ 8.15 ਵਜੇ ਉੱਝ ਦਰਿਆ ’ਚ ਵਧੇ ਪਾਣੀ ਕਾਰਨ ਪ੍ਰਸ਼ਾਸਨ ਨੇ ਇਲਾਕੇ ਦੇ ਸਰਕਾਰੀ ਸਕੂਲਾਂ ਨੂੰ ਰਾਹਤ ਕੇਂਦਰ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਤੇ ਸਰਕਾਰੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ। ਦੁਪਹਿਰੇ 12 ਵਜੇ ਮਗਰੋਂ ਪਾਣੀ ਦਾ ਪੱਧਰ ਘਟਣ ਮਗਰੋਂ ਅਧਿਕਾਰੀਆਂ ਅਤੇ ਲੋਕਾਂ ਨੇ ਸੁਖ ਦਾ ਸਾਹ ਲਿਆ।
ਇਸ ਦੇ ਨਾਲ ਹੀ ਪਠਾਨਕੋਟ ਨੇੜੇ ਚੱਕੀ ਦਰਿਆ ਵਿੱਚ ਪਾਣੀ ਦਾ ਪੱਧਰ 53 ਹਜ਼ਾਰ ਕਿਊਸਿਕ ਤੋਂ ਉੱਪਰ ਚਲਾ ਗਿਆ। ਇਸ ਤੋਂ ਬਾਅਦ ਦਿੱਲੀ-ਕਟੜਾ ਰੇਲ ਪੁਲ ਵੀ ਖ਼ਤਰੇ ਹੇਠ ਆ ਗਿਆ ਅਤੇ ਪੁਲ ਦੇ ਹੇਠੋਂ ਹੜ੍ਹ ਦੇ ਪਾਣੀ ਦੇ ਖੋਰੇ ਕਾਰਨ ਜ਼ਮੀਨ ਲਗਾਤਾਰ ਖਿਸਕ ਰਹੀ ਹੈ। ਜੰਮੂ ਉੱਤਰੀ ਡਿਵੀਜ਼ਨ ਦੇ ਅਧਿਕਾਰੀ ਰੇਲ ਪੁਲ ਦਾ ਨਿਰੀਖਣ ਕਰਨ ਲਈ ਮੌਕੇ ਉਪਰ ਪਹੁੰਚ ਗਏ ਹਨ। ਜ਼ਮੀਨ ਖਿਸਕਣ ਕਾਰਨ ਰੇਲ ਗੱਡੀਆਂ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਲੰਘ ਰਹੀਆਂ ਹਨ। ਇੱਕ ਰੇਲ ਅਧਿਕਾਰੀ ਅਨੁਸਾਰ ਜੇਕਰ ਪਾਣੀ ਦਾ ਪੱਧਰ ਘੱਟ ਨਹੀਂ ਹੁੰਦਾ ਤਾਂ ਪੁਲ ਬੰਦ ਕਰਨਾ ਪੈ ਸਕਦਾ ਹੈ। ਸ਼ਾਮ ਨੂੰ ਚੱਕੀ ਦਰਿਆ ਵਿੱਚ ਪਾਣੀ ਦਾ ਪੱਧਰ ਘਟ ਗਿਆ ਸੀ। ਇਸੇ ਤਰ੍ਹਾਂ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ਕੋਲ ਮੀਰਥਲ ਵਿੱਚ ਵੀ ਛੋਂਛ ਖੱਡ ਦਾ ਪਾਣੀ ਆ ਜਾਣ ਨਾਲ ਪਾਣੀ ਦਾ ਪੱਧਰ ਵਧ ਗਿਆ ਤੇ ਲਿੰਕ ਸੜਕ ਨੂੰ ਖੋਰਾ ਲੱਗਾ।
ਇਸ ਦੇ ਇਲਾਵਾ ਲਗਾਤਾਰ ਮੀਂਹ ਅਤੇ ਚਮੇਰਾ ਪ੍ਰਾਜੈਕਟ ਤੋਂ ਪਾਣੀ ਛੱਡਣ ਕਾਰਨ ਰਣਜੀਤ ਸਾਗਰ ਡੈਮ ਝੀਲ ਵਿੱਚ ਪਾਣੀ ਦਾ ਪੱਧਰ ਦੋ ਮੀਟਰ ਵਧ ਵਧ ਗਿਆ ਹੈ। ਡੈਮ ਪ੍ਰਸ਼ਾਸਨ ਨੇ ਕਿਹਾ ਕਿ ਇਸ ਸਮੇਂ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਅਜੇ ਝੀਲ ਅੰਦਰ ਪਾਣੀ ਸਟੋਰ ਕਰਨ ਦੀ ਕਾਫ਼ੀ ਸਮਰੱਥਾ ਹੈ। ਪਰ ਫਿਰ ਵੀ ਡੈਮ ਵਿੱਚ ਪਾਣੀ ਦੇ ਪੱਧਰ ਦੀ ਨਿਗਰਾਨੀ ਜ਼ਰੂਰੀ ਹੈ। ਸਾਰੇ ਸਬੰਧਤ ਵਿਭਾਗਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਮੀਂਹ ਕਾਰਨ ਜਲੰਧਰ ’ਚ ਜਨ-ਜੀਵਨ ਪ੍ਰਭਾਵਿਤ
ਜਲੰਧਰ (ਹਤਿੰਦਰ ਮਹਿਤਾ): ਖੇਤਰ ਵਿੱਚ ਪਏ ਭਰਵੇਂ ਮੀਂਹ ਕਾਰਨ ਸਥਾਨਕ ਸ਼ਹਿਰ ਜਲ-ਥਲ ਹੋ ਗਿਆ। ਇਸ ਦੌਰਾਨ ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ’ਚ ਵਿਘਨ ਪਿਆ। ਮੀਂਹ ਨਾਲ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਵੀ ਵਧੀਆਂ ਹਨ। ਮੁੱਖ ਮਾਰਗ ’ਤੇ ਪੀਏਪੀ ਚੌਕ ਤੋਂ ਰਾਮਾਮੰਡੀ, ਕਾਕੀ ਪਿੰਡ, ਭੂਰ ਮੰਡੀ, ਲਾਡੋਵਾਲ ਰੋਡ, ਨਵੀਂ ਸਬਜ਼ੀ ਮੰਡੀ, ਰੈਣਕ ਬਾਜ਼ਾਰ, ਜੋਤੀ ਚੌਕ, ਮਾਈ ਹੀਰਾਂ ਗੇਟ ਸਣੇ ਹੋਰਨਾਂ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਇੱਥੇ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗਣ ਜਾਣ ਕਾਰਨ ਯਾਤਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਆਦਮਪੁਰ, ਜੰਡੂ ਸਿੰਘਾ, ਕਠਾਰ ਤੇ ਹੋਰ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆਈ। ਬਿਜਲੀ ਦੇ ਖੰਭੇ ਟੁੱਟ ਜਾਣ ਕਾਰਨ ਬਿਜਲੀ ਦੀ ਸਪਲਾਈ ਬੰਦ ਹੋ ਗਈ। ਇਸ ਦੌਰਾਨ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਵੱਖ-ਵੱਖ ਥਾਵਾਂ ’ਤੇ ਤਾਰਾਂ ਠੀਕ ਕਰ ਰਹੇ ਹਨ। ਮੁਲਾਜ਼ਮ ਕੰਮ ਵਿੱਚ ਲੱਗੇ ਹੋਏ ਹਨ।