ਦਰਿਆਵਾਂ ’ਚ ਪਾਣੀ ਦਾ ਪੱਧਰ ਘਟਿਆ, ਕਿਸਾਨ ਨੂੰ ਰਾਹਤ ਨਹੀਂ
ਜ਼ਿਲ੍ਹੇ ਅੰਦਰ ਬੀਤੇ ਕਰੀਬ ਦੋ ਹਫ਼ਤਿਆਂ ਤੋਂ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਇਲਾਕੇ ਦੇ 40 ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਮੰਡ ਖੇਤਰ ਦੇ ਪਿੰਡ ਮੁੰਡਾਪਿੰਡ ਨੇੜੇ ਬਿਆਸ ਦਰਿਆ ਨੂੰ ਤਿੰਨ ਦਿਨ ਪਹਿਲਾਂ ਦਾ ਪਾੜ ਪੈ ਜਾਣ ਕਾਰਨ ਮੁੰਡਾਪਿੰਡ ਅਤੇ ਘੜਕਾ ਪਿੰਡਾਂ ਦੀ 1000 ਏਕੜ ਫਸਲ ਪਾਣੀ ਦੀ ਮਾਰ ਹੇਠ ਹੈ। ਮੁੰਡਾਪਿੰਡ ਦੇ ਕਿਸਾਨ ਦਾਰਾ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਕਿਸਾਨਾਂ ਨੂੰ ਅੱਜ ਤੱਕ ਕਿਸੇ ਕਿਸਮ ਦੀ ਰਾਹਤ ਨਹੀਂ ਦਿੱਤੀ ਜਾ ਸਕੀ। ਸਤਲੁਜ ਦਰਿਆ ਨਾਲ ਲਗਦੇ ਪਿੰਡ ਤੂਤ ਦੇ ਵਾਸੀ ਕਿਸਾਨ ਮਹਾਂਵੀਰ ਸਿੰਘ ਨੇ ਕਿਹਾ ਕਿ ਹਰੀਕੇ ਤੋਂ ਮੁੱਠਿਆਂਵਾਲਾ ਤੱਕ ਦੇ 20 ਪਿੰਡਾਂ ਦੀ 40,000 ਏਕੜ ਫਸਲਾਂ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਡੁੱਬ ਚੁੱਕੀਆਂ ਹਨ। ਇਸ ਦੇ ਨਾਲ ਹੀ ਅੱਜ ਦਰਿਆਵਾਂ ਦੇ ਪਾਣੀ ਦੀ ਮਾਰ ਤੋਂ ਪ੍ਰਭਾਵਿਤ ਪਿੰਡਾਂ ਭੈਲ ਢਾਏ ਵਾਲਾ, ਜੌਹਲ ਢਾਏ ਵਾਲਾ, ਮੁੰਡਾ ਪਿੰਡ, ਗੁੱਜਰਪੁਰਾ, ਘੜਕਾ, ਚੰਬਾ, ਕੰਬੋਅ ਢਾਏਵਾਲਾ, ਧੁੰਨ ਢਾਏ ਵਾਲਾ ਆਦਿ ਪਿੰਡਾਂ ਦਾ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਦੌਰਾ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਨੇ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਦੇ ਪਸ਼ੂ ਮੂੰਹਖੁਰ ਦੀ ਬਿਮਾਰੀ ਤੋਂ ਪੀੜਤ ਬਣ ਰਹੇ ਹਨ। ਜਥੇਬੰਦੀ ਦੇ ਆਗੂ ਨੇ ਕਿਹਾ ਕਿ ਪ੍ਰਭਾਵਿਤ ਪਿੰਡਾਂ ਤੱਕ ਪ੍ਰਸ਼ਾਸਨ ਵੱਲੋਂ ਪਸ਼ੂਆਂ ਨੂੰ ਲੋੜੀਂਦੀਆਂ ਦਵਾਈਆਂ ਆਦਿ ਦੇਣ ਲਈ ਵਿਭਾਗ ਦੇ ਅਧਿਕਾਰੀਆਂ ਨੇ ਪਹੁੰਚ ਨਹੀਂ ਕੀਤੀ, ਜਿਸ ਕਾਰਨ ਪਸ਼ੂਆਂ ਨੂੰ ਭਾਰੀ ਨੁਕਸਾਨ ਦਾ ਖਤਰਾ ਬਣ ਗਿਆ ਹੈ। ਜਥੇਬੰਦੀ ਨੇ ਕਿਸਾਨਾਂ ਦੀਆਂ ਪਾਣੀ ਦੀ ਮਾਰ ਹੇਠ ਆਈਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾਏ ਜਾਣ ਦੀ ਮੰਗ ਕੀਤੀ ਹੈ।