ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਵਧਿਆ
ਪਠਾਨਕੋਟ, 28 ਫਰਵਰੀ
ਇਸ ਖੇਤਰ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਦਾ ਸਿੱਧਾ ਅਸਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ ’ਤੇ ਪਿਆ ਹੈ ਅਤੇ 25 ਕਿਲੋਮੀਟਰ ਲੰਬਾਈ ਤੇ ਚੌੜਾਈ ਵਾਲੀ ਝੀਲ ਅੰਦਰ ਪਾਣੀ ਦਾ ਪੱਧਰ 1 ਮੀਟਰ ਤੋਂ ਵੱਧ ਦਰਜ ਹੋ ਗਿਆ ਹੈ ਜੋ ਸ਼ੁੱਭ ਸੰਕੇਤ ਹੈ। ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ ਵਿੱਚ ਇਸ ਵਾਰ ਪਿਛਲੇ ਸਾਲਾਂ ਨਾਲੋਂ ਜਲ ਪੱਧਰ ਬਹੁਤ ਘਟ ਗਿਆ ਸੀ। ਇਸ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਸੀ ਅਤੇ ਮੈਦਾਨੀ ਇਲਾਕਿਆਂ ’ਚ ਸਿੰਜਾਈ ਲਈ ਪਾਣੀ ਦੀ ਵੀ ਸਮੱਸਿਆ ਆ ਰਹੀ ਸੀ ਪਰ ਹੁਣ 2 ਦਿਨ ਲਗਾਤਾਰ ਹੋਈ ਬਾਰਸ਼ ਨਾਲ ਪਾਣੀ ਦਾ ਪੱਧਰ ਅੱਜ ਸ਼ਾਮ ਨੂੰ 492.06 ਤੱਕ ਪੁੱਜ ਗਿਆ ਜਦ ਕਿ ਇੱਕ ਦਿਨ ਪਹਿਲਾਂ ਇਹ 490.95 ਮੀਟਰ ਸੀ। ਇਸ ਤਰ੍ਹਾਂ ਪਾਣੀ ਦੇ ਪੱਧਰ ਵਿੱਚ 1.11 ਮੀਟਰ ਦਾ ਵਾਧਾ ਹੋਇਆ ਹੈ। ਇਸ ਵੇਲੇ 41 ਹਜ਼ਾਰ 546 ਕਿਊਸਿਕ ਪਾਣੀ ਹਿਮਾਚਲ ਦੀ ਤਰਫੋਂ ਚਮੇਰਾ ਡੈਮ ਤੋਂ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਆ ਰਿਹਾ ਸੀ। ਚਮੇਰਾ ਡੈਮ ਨੇ ਵੀ ਪਹਿਲਾਂ ਬਿਜਲੀ ਉਤਪਾਦਨ ਬੰਦ ਕਰ ਰੱਖਿਆ ਸੀ ਪਰ ਬਾਰਸ਼ਾਂ ਹੋ ਜਾਣ ਨਾਲ ਉੱਥੇ ਵੀ 540 ਯੂਨਿਟ ਬਿਜਲੀ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਨਿਰਮਾਣ ਅਧੀਨ ਸ਼ਾਹਪੁਰਕੰਢੀ ਡੈਮ (ਬੈਰਾਜ ਪ੍ਰਾਜੈਕਟ) ਦੀ ਝੀਲ ਵਿੱਚ ਪਾਣੀ ਦਾ ਪੱਧਰ 392 ਮੀਟਰ ਤੱਕ ਪੁੱਜ ਗਿਆ ਹੈ। ਰਣਜੀਤ ਸਾਗਰ ਡੈਮ ਤੋਂ ਵੀ ਬਿਜਲੀ ਉਤਪਾਦਨ ਲਈ 1 ਯੂਨਿਟ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਚੀਫ ਇੰਜਨੀਅਰ ਵਰਿੰਦਰ ਕੁਮਾਰ ਨੇ ਝੀਲ ਵਿੱਚ ਪਾਣੀ ਦੇ ਪੱਧਰ ਦਾ ਵਧਣਾ ਸ਼ੁੱਭ ਸੰਕੇਤ ਕਿਹਾ ਕਿ ਪਾਣੀ ਵਧਣ ਨਾਲ ਕਾਫੀ ਰਾਹਤ ਮਿਲੇਗੀ।
ਦੋ ਦਿਨ ਤੋਂ ਲਗਾਤਾਰ ਹੋ ਰਹੀ ਬਾਰਸ਼ ਨਾਲ ਪਠਾਨਕੋਟ ਸ਼ਹਿਰ ਦੀਆਂ ਸਾਰੀਆਂ ਗਲੀਆਂ ਅਤੇ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਹਾਲਾਂ ਕਿ ਦੁਪਹਿਰ ਬਾਅਦ ਬਾਰਸ਼ ਕਾਫੀ ਰੁਕ ਗਈ ਜਿਸ ਨਾਲ ਸ਼ਹਿਰ ਵਾਸੀਆਂ ਕਾਫੀ ਰਾਹਤ ਮਿਲੀ। ਜ਼ਿਆਦਾ ਖਰਾਬ ਹਾਲਤ ਕਾਲੀ ਮਾਤਾ ਮੰਦਰ ਸੜਕ ਤੇ ਦੇਖਣ ਨੂੰ ਮਿਲੀ। ਇੱਥੇ ਜਮ੍ਹਾਂ ਪਾਣੀ ਵਿੱਚੋਂ ਲੰਘਣ ਵਾਲੇ ਵਾਹਨਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਰਦੀਆਂ ਵਿੱਚ ਮੌਸਮ ਦੌਰਾਨ ਹੋਈ ਬਾਰਸ਼ ਨੇ ਨਗਰ ਨਿਗਮ ਦੀ ਸਫਾਈ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ। ਨਿਕਾਸੀ ਨਾਲੇ ਅਤੇ ਨਾਲੀਆਂ ਰੁਕ ਜਾਣ ਨਾਲ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਅਤੇ ਸੜਕਾਂ ਜਲਥਲ ਹੋ ਗਈਆਂ। ਜਿਸ ਨਾਲ ਲੋਕਾਂ ਨੂੰ ਆਵਾਜ਼ਾਈ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।