ਗਊਸ਼ਾਲਾ ਢਾਹੁਣ ਮੌਕੇ ਹੰਗਾਮਾ
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਨੇ ਕਿਹਾ ਕਿ ਡੈਮ ਪ੍ਰਸ਼ਾਸਨ ਜਾਣ-ਬੁੱਝ ਕੇ ਨਾਜਾਇਜ਼ ਕਬਜ਼ੇ ਦੇ ਓਹਲੇ ਆਵਾਰਾ ਅਤੇ ਬਿਮਾਰ ਗਊਆਂ ਲਈ ਆਸ਼ਰਮ ਵੱਲੋਂ ਬਣਾਏ ਗਏ ਛੋਟੇ ਸ਼ੈਡ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਡੈਮ ਪ੍ਰਸ਼ਾਸਨ ਰਿਹਾਇਸ਼ੀ ਕਲੋਨੀ ਅਤੇ ਡੈਮ ਦਫਤਰਾਂ ਦੇ ਆਲੇ-ਦੁਆਲੇ ਹੋਏ ਨਾਜਾਇਜ਼ ਕਬਜ਼ਿਆਂ ਪ੍ਰਤੀ ਮੂਕ ਦਰਸ਼ਕ ਬੈਠਾ ਹੈ। ਉਨ੍ਹਾਂ ਡੈਮ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਗਊਸ਼ਾਲਾ ਨੂੰ ਨਿਸ਼ਾਨਾ ਬਣਾਉਣ ਅਤੇ ਨੁਕਸਾਨ ਪਹੁੰਚਾਉਣ ਦੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਫਿਰ ਪ੍ਰਸ਼ਾਸਨ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਸੇ ਦੌਰਾਨ ਆਮ ਆਦਮੀ ਪਾਰਟੀ ਦਾ ਆਗੂ ਅਭਿਨੰਦਨ ਵੀ ਮੌਕੇ ’ਤੇ ਪੁੱਜ ਗਿਆ ਅਤੇ ਉਸ ਨੇ ਸੀਨੀਅਰ ਅਧਿਕਾਰੀਆਂ ਨੂੰ ਕੰਮ ਰੋਕਣ ਲਈ ਕਿਹਾ। ਉਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਸਨਾਤਨ ਪਰਿਵਾਰ ਨਾਲ ਖੜ੍ਹੀ ਹੈ। ਡੈਮ ਦੇ ਮੁੱਖ ਇੰਜਨੀਅਰ ਵਿਜੇ ਗਰਗ ਨੇ ਕਿਹਾ ਕਿ ਗਊਸ਼ਾਲਾ ਦੀ ਦੀਵਾਰ ਨਾਜਾਇਜ਼ ਕਬਜ਼ਾ ਕਰਕੇ ਬਣਾਈ ਗਈ ਹੈ। ਜਦੋਂ ਉਨ੍ਹਾਂ ਦਾ ਧਿਆਨ ਹੋਰ ਨਾਜਾਇਜ਼ ਕਬਜ਼ਿਆਂ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਵਿਰੁੱਧ ਕਾਰਵਾਈ ਕਰਵਾਉਣਗੇ। ਨਿਗਰਾਨ ਇੰਜਨੀਅਰ ਜਸਵੀਰ ਪਾਲ ਦਾ ਕਹਿਣਾ ਸੀ ਕਿ ਡੈਮ ਪ੍ਰਾਜੈਕਟ ਦੇ ਆਲੇ ਦੁਆਲੇ ਸਾਰੇ ਨਾਜਾਇਜ਼ ਕਬਜ਼ੇ ਹਟਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਗਊਸ਼ਾਲਾ ਦੀ ਕੰਧ ਵੀ ਕਬਜ਼ੇ ਦੁਆਰਾ ਬਣਾਈ ਗਈ ਸੀ। ਇਸੇ ਦੌਰਾਨ ਜੇਸੀਬੀ ਮਸ਼ੀਨ ਦਾ ਤੇਲ ਲੀਕ ਹੋ ਜਾਣ ਕਾਰਨ ਹਾਈਡਰੌਲਿਕ ਸਿਸਟਮ ਫੇਲ੍ਹ ਹੋ ਗਿਆ, ਜਿਸ ਕਾਰਨ ਪ੍ਰਸ਼ਾਸਨ ਨੂੰ ਮਸ਼ੀਨ ਵਾਪਸ ਲਿਜਾਣੀ ਪਈ।
