ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਦੇ ਦੋਸ਼ ਵਿੱਚ ਦੋ ਡਾਕਟਰ ਕਾਬੂ
ਇਥੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਅੱਜ ਇੱਥੇ ਸ਼ਹਿਰ ਦੇ ਨਿੱਜੀ ਹਸਪਤਾਲ ਦੇ ਦੋ ਪ੍ਰਮੁੱਖ ਡਾਕਟਰਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਟਰਾਮਾਡੋਲ ਗੋਲੀਆਂ ਦੀ ਨਾਜਾਇਜ਼ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਡਾਕਟਰਾਂ ਦੀ ਪਛਾਣ ਡਾ. ਰਾਜੇਸ਼ ਕੁਮਾਰ ਅਤੇ ਡਾ. ਪਰਵੀਨ ਵਜੋਂ ਹੋਈ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨਸੀਬੀ ਨੇ ਇੱਕ ਸੇਵਾਮੁਕਤ ਸਰਕਾਰੀ ਡਾਕਟਰ ਨੂੰ ਵੀ ਇਸ ਮਾਮਲੇ ਵਿੱਚ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਐੱਨਸੀਬੀ ਅਧਿਕਾਰੀਆਂ ਅਨੁਸਾਰ ਉਹ ਰੂਪੋਸ਼ ਹੋ ਗਿਆ ਹੈ। ਪੁੱਛ-ਪੜਤਾਲ ਲਈ ਦੋ ਵਾਰ ਤਲਬ ਕੀਤੇ ਜਾਣ ਦੇ ਬਾਵਜੂਦ ਉਹ ਸਿਰਫ਼ ਇੱਕ ਵਾਰ ਪੇਸ਼ ਹੋਇਆ। ਹੁਣ ਉਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਗ੍ਰਿਫ਼ਤਾਰ ਕੀਤੇ ਗਏ ਡਾਕਟਰਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐਨਸੀਬੀ ਨੇ ਪਹਿਲਾਂ ਹਸਪਤਾਲ ਦੇ ਮਾਲਕ ਬੌਧ ਰਾਜ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਗ੍ਰਿਫ਼ਤਾਰੀ ਨਿੱਜੀ ਹਸਪਤਾਲਾਂ ਵਿੱਚ ਨਿਰਧਾਰਤ ਕੋਟੇ ਤੋਂ ਵੱਧ ਟ੍ਰਾਮਾਡੋਲ ਗੋਲੀਆਂ ਦੀ ਕਥਿਤ ਗੈਰ-ਕਾਨੂੰਨੀ ਸਪਲਾਈ ਦੀ ਜਾਂਚ ਦਾ ਹਿੱਸਾ ਹੈ ।