ਵਿਦੇਸ਼ੋਂ ਆਏ ਨੌਜਵਾਨ ਦੇ ਕਤਲ ਕੇਸ ’ਚ ਦੋ ਗ੍ਰਿਫ਼ਤਾਰ
ਲੰਘੇ ਦਿਨੀਂ ਇਟਲੀ ਤੋਂ ਆਏ ਪਿੰਡ ਧਾਰੀਵਾਲ ਬੱਗਾ ਦੇ ਨੌਜਵਾਨ ਮਲਕੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਥਾਣਾ ਰਾਜਾਸਾਂਸੀ ਦੀ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਵੱਲੋਂ ਕਤਲ ਵਿੱਚ ਵਰਤੇ ਗਏ 4 ਪਿਸਤੌਲ, 1 ਰਿਵਾਲਵਰਾਂ ਤੋਂ ਇਲਾਵਾ 20 ਰੌਂਦ ਵੀ ਬਰਾਮਦ ਕੀਤੇ ਹਨ। ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ 1 ਨਵੰਬਰ ਨੂੰ ਸੁਰਜੀਤ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਧਾਰੀਵਾਲ ਵੱਲੋਂ ਪੁਲੀਸ ਨੂੰ ਦਿੱਤੀ ਸੂਚਨਾ ਅਨੁਸਾਰ ਉਹ ਆਪਣੇ ਪੁੱਤਰ ਮਲਕੀਤ ਸਿੰਘ ਦੇ ਨਾਲ ਖੇਤ ’ਚ ਕਣਕ ਬੀਜ ਰਹੇ ਸਨ। ਸ਼ਾਮ ਨੂੰ ਲਗਪਗ 7 ਵਜੇ ਬਿਕਰਮਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਧਾਰੀਵਾਲ ਤੇ ਇੱਕ ਅਣਪਛਾਤਾ ਸ਼ਖ਼ਸ ਉੱਥੇ ਪਹੁੰਚੇ ਅਤੇ ਇਸ ਦੌਰਾਨ ਦੋਵਾਂ ਨੇ ਮਲਕੀਤ ਸਿੰਘ ਉੱਤੇ 8-10 ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਮਲਕੀਤ ਸਿੰਘ ਨੇ ਹਸਪਤਾਲ ਵਿੱਚ ਇਲਾਜਾ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਕਤਲ ਕਾਂਡ ਸਬੰਧੀ ਪੁਲੀਸ ਨੇ ਥਾਣਾ ਰਾਜਾਸਾਂਸੀ ਵਿੱਚ ਮਾਮਲਾ ਦਰਜ ਕਰਕੇ ਮੁਲਜ਼ਮ ਬਿਕਰਮਜੀਤ ਸਿੰਘ ਨੂੰ ਲੰਘੀ 2 ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਰਿਮਾਂਡ ਦੌਰਾਨ ਪੁੱਛ-ਪੜਤਾਲ ’ਚ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਦਾ ਮਲਕੀਤ ਸਿੰਘ ਨਾਲ ਪਹਿਲਾਂ ਵੀ ਝਗੜਾ ਹੋਇਆ ਸੀ, ਜਿਸ ਕਾਰਨ ਉਸ ਨੇ ਆਪਣੇ ਸਾਥੀ ਕਰਨਬੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੈਸਰਾ ਕਲਾਂ ਨਾਲ ਮਿਲ ਕੇ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਬਿਕਰਮਜੀਤ ਦੇ ਖੁਲਾਸੇ ਦੇ ਅਧਾਰ ’ਤੇ ਕਰਨਬੀਰ ਸਿੰਘ ਨੂੰ ਲੰਘੇ ਦਿਨ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਖਿਲਾਫ਼ ਪਹਿਲਾਂ ਵੀ ਕੇਸ ਦਰਜ ਹੈ।
