ਸੈਨਾ ਵਿੱਚ ਦਾੜ੍ਹੀ ਰੱਖਣ ’ਤੇ ਲਗਾਈ ਰੋਕ ’ਤੇ ਮੁੜ ਵਿਚਾਰ ਕਰੇ ਟਰੰਪ ਸਰਕਾਰ: ਖਿਆਲਾ
ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਮਰੀਕੀ ਟਰੰਪ ਸਰਕਾਰ ਵੱਲੋਂ ਸੈਨਾ ਵਿੱਚ ਦਾੜ੍ਹੀ ਰੱਖਣ ’ਤੇ ਰੋਕ ਲਗਾਉਣ ਦੇ ਭੇਦਭਾਵ ਪੂਰਨ ਤੇ ਅਪਮਾਨਜਨਕ ਫ਼ੈਸਲੇ ਨੂੰ ਅਮਰੀਕਾ ਵਰਗੇ ਲੋਕਤੰਤਰਿਕ ਦੇਸ਼ ਵਿੱਚ ਧਾਰਮਿਕ ਸੁਤੰਤਰਤਾ ਅਤੇ ਨਾਗਰਿਕ ਅਧਿਕਾਰਾਂ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਟਰੰਪ ਸਰਕਾਰ ਨੂੰ ਅਪੀਲ ਕੀਤੀ ਕਿ ਦਾੜ੍ਹੀ ਰੱਖਣ ਵਾਲੇ ਭਾਈਚਾਰਿਆਂ, ਖ਼ਾਸ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਫ਼ੈਸਲੇ ’ਤੇ ਤੁਰੰਤ ਮੁੜ ਵਿਚਾਰ ਕੀਤਾ ਜਾਵੇ।
ਪ੍ਰੋ. ਖਿਆਲਾ ਨੇ ਇਸ ਮਾਮਲੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਸਿੱਖ ਸਰੋਕਾਰਾਂ ਦੀ ਰੱਖਿਆ ਲਈ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਮਰੀਕੀ ਸਰਕਾਰ ਨੇ ਇਸ ਆਦੇਸ਼ ਨੂੰ 60 ਦਿਨਾਂ ਵਿੱਚ ਲਾਗੂ ਕਰਨ ਦੀ ਗੱਲ ਕਹੀ ਹੈ ਪਰ ਕੁਝ ਸਪੈਸ਼ਲ ਫੋਰਸ ਯੂਨਿਟਾਂ ਨੂੰ ਇਸ ਤੋਂ ਛੋਟ ਦਿੱਤੀ ਹੈ, ਇਸ ਲਈ ਸਿੱਖ ਸੈਨਿਕਾਂ ਲਈ ਵਿਸ਼ੇਸ਼ ਛੋਟ ਦੀ ਵਿਵਸਥਾ ਦਾ ਲਾਭ ਜ਼ਰੂਰ ਲਿਆ ਜਾ ਸਕਦਾ ਹੈ, ਕਿਉਂਕਿ ਦਾੜ੍ਹੀ ਰੱਖਣਾ ਸਿੱਖ ਧਾਰਮਿਕ ਮਰਿਆਦਾ ਅਨੁਸਾਰ ਅਟੁੱਟ ਅੰਗ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ 2010 ਤੋਂ ਹੁਣ ਤੱਕ ਜਾਰੀ ਧਾਰਮਿਕ ਸੁਤੰਤਰਤਾ ਦੇ ਅਧਿਕਾਰਾਂ ਦੇ ਅਧੀਨ ਦਿੱਤੀ ਛੋਟ ਦੇ ਖ਼ਤਮ ਹੋਣ ਨਾਲ ਉਹ ਸਿੱਖ ਸੈਨਿਕ ਬਹੁਤ ਪ੍ਰਭਾਵਿਤ ਹੋਣਗੇ ਜੋ ਆਪਣੇ ਧਾਰਮਿਕ ਵਿਸ਼ਵਾਸ ਅਨੁਸਾਰ ਦਾੜ੍ਹੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਦਾੜ੍ਹੀ ਅਤੇ ਪਗੜੀ ਸਿੱਖਾਂ ਦੀ ਧਾਰਮਿਕ ਪਹਿਚਾਣ ਹੈ। ਕੇਸਾਂ ਦਾ ਸਤਿਕਾਰ ਸਿੱਖ ਧਰਮ ਦੇ ਮੂਲ ਸਿਧਾਂਤਾਂ ਵਿੱਚੋਂ ਹੈ। ਇਸ ਨੂੰ ਖੋਹਣਾ ਧਾਰਮਿਕ ਸੁਤੰਤਰਤਾ ਦੀ ਉਲੰਘਣਾ ਹੈ।