ਏਅਰਪੋਰਟ ਰੋਡ ’ਤੇ ਆਵਾਜਾਈ ਦਾ ਮੰਦਾਹਾਲ
ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਦੀਆਂ ਨਿੱਤ ਫ਼ੇਰੀਆਂ ਨੇ ਅੰਮ੍ਰਿਤਸਰ-ਹਵਾਈ ਅੱਡਾ ਸੜਕ ’ਤੇ ਪਿੱਛਲੇ ਕੁੱਝ ਦਿਨਾਂ ਤੋਂ ਟ੍ਰੈਫਿਕ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਇੱਕ ਸਮਾਜ ਸੇਵੀ ਸੰਸਥਾ ਨੇ ਕਿਹਾ ਕਿ ਮਹਿੰਗੀਆਂ ਹਵਾਈ ਟਿਕਟਾਂ ਜੇਬ੍ਹ ਵਿੱਚ ਪਾਈ ਹਵਾਈ ਯਾਤਰੀਆਂ ਨੂੰ ਟ੍ਰੈਫਿਕ ਜਾਮ ਕਾਰਨ ਬੇਵਜ੍ਹਾ ਖੱਜਲ ਖੁਆਰੀ ਅਤੇ ਮਾਲੀ ਨੁਕਸਾਨ ਝੱਲਣਾ ਪੈਂਦਾ ਹੈ। ਟ੍ਰੈਫਿਕ ਕੰਟਰੋਲ ਕਰਨ ਲਈ ਜ਼ਿੰਮੇਵਾਰ ਪੁਲੀਸ ਕਰਮਚਾਰੀਆਂ ਨੂੰ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੀ ਸੁਰੱਖਿਆ ਦਾ ਹੀ ਫਿਕਰ ਹੈ। ਟ੍ਰੈਫਿਕ ਜਾਮ ਵਿੱਚ ਫ਼ਸੀ ਐਂਬੂਲੈਂਸ ਵਿੱਚ ਗੰਭੀਰ ਮਰੀਜ਼ਾਂ ਦੀ ਜਾਨ, ਹਵਾਈ ਜਹਾਜ਼ ਵਿੱਚ ਸਵਾਰ ਹੋਣ ਵਾਲੇ ਯਾਤਰੀਆਂ ਅਤੇ ਸਕੂਲੀ ਬੱਚਿਆਂ ਨੂੰ ਉਡੀਕਦੀਆਂ ਮਾਵਾਂ ਦੀ ਪ੍ਰਸ਼ਾਸ਼ਨ ਨੂੰ ਕੋਈ ਚਿੰਤਾ ਨਹੀਂ।
ਉੱਘੀ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਬਿੱਟੂ, ਜਨਰਲ ਸਕੱਤਰ ਯੋਗੇਸ਼ ਕਾਮਰਾ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ, ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਤੇ ਹੋਰ ਆਗੂਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਭ ਤੋਂ ਮਹੱਤਵਪੂਰਨ ਰੂਟ ਦਾ ਦਰਜਾ ਦੇ ਕੇ ਏਅਰਪੋਰਟ ਰੋਡ ਟ੍ਰੈਫਿਕ ਨੂੰ ਹਰ ਹਾਲ ਨਿਰਵਿਘਨ ਬਹਾਲ ਰੱਖਣ ਲਈ ਪੁਖਤਾ ਇੰਤਜ਼ਾਮ ਕੀਤੇ ਜਾਣ। ਅੰਮ੍ਰਿਤਸਰ-ਰਾਜਾਸਾਂਸੀ ਹਵਾਈ ਅੱਡਾ ਸੜਕ ਤੇ ਬਾਈਪਾਸ ਤੇ ਲਾਈਟਾਂ ਕਈ ਹਫਤਿਆਂ ਤੋਂ ਬੰਦ ਹਨ। ਆਗੂਆਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਬਿਜਲੀ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਬੰਦ ਲਾਈਟਾਂ ਚਾਲੂ ਕਰਨ ਦੀ ਹਦਾਇਤ ਕੀਤੀ ਜਾਵੇ।
