‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਬਾਰੇ ਰਿਵਾਇਤੀ ਪਾਰਟੀਆਂ ਨੇ ਕੀਤਾ ਗੁੰਮਰਾਹਕੁਨ ਪ੍ਰਚਾਰ: ਧਾਲੀਵਾਲ
ਅੱਜ ਇਥੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਰਹੱਦੀ ਪਿੰਡਾਂ ਖਾਨਵਾਲ, ਸਾਰੰਗਦੇਵ, ਕੋਟਲੀ ਕੋਕਾ, ਸਾਹੋਵਾਲ ਤੇ ਬੱਲ ਲੱਬੇ ਦਰਿਆ ਆਦਿ ਪਿੰਡਾਂ ’ਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਜਨਤਕ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਜ਼ਾਦੀ ਪਿੱਛੋਂ ਪੰਜਾਬ ਦੀ ਸੱਤਾ ’ਤੇ 70 ਸਾਲ ਕਾਬਜ਼ ਰਹੇ ਕਾਂਗਰਸੀਆਂ, ਅਕਾਲੀਆਂ ਅਤੇ ਭਾਜਪਾ ਆਗੂਆਂ ਦੀ ਘੇਰਾਬੰਦੀ ਕੀਤੀ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਹਿੱਸਾ ਬਣਨ ਦੀ ਬਜਾਏ ਇਨ੍ਹਾਂ ਰਿਵਾਇਤੀ ਪਾਰਟੀਆਂ ਨੇ ਗੁੰਮਰਾਹਕੁਨ ਪ੍ਰਚਾਰ ਕਰਕੇ ਲੋਕਾਂ ’ਚ ਭਰਮ ਫੈਲਾਇਆ ਹੈ ਕਿ ਸੂਬਾ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਪਹਿਲੇ ਪੜਾਅ ’ਚ ਹੀ ਫਲਾਪ ਰਹੀ ਹੈ। ਧਾਲੀਵਾਲ ਨੇ ਦਾਆਵਾ ਕੀਤਾ ਕਿ ਰਿਵਾਇਤੀ ਪਾਰਟੀਆਂ ਦੇ ਇਸ ਭੁਲੇਖੇ ਨੂੰ ਤੋੜਨ ਲਈ ਇਸ ਯੁੱਧ ’ਚ ਸ਼ਾਮਲ ਹੋ ਕੇ ਪੰਜਾਬ ਵਾਸੀ ਲੋਕ ਲਹਿਰ ਦੀ ਉਸਾਰੀ ਕਰਦਿਆਂ ਪੰਜਾਬ ਨੂੰ ਦੇਸ਼ ’ਚੋਂ ਨੰਬਰ ਵੰਨ ਨਸ਼ਾ ਮੁਕਤ ਸੂਬਾ ਬਣਾਉਣ ਜਾ ਰਹੇ ਹਨ ਕਿਉਂਕਿ ਸਰਕਾਰ ਵੱਲੋਂ ਕਿਸੇ ਕਿਸਮ ਦੀ ਸਿਆਸੀ ਦਖਲ ਅੰਦਾਜ਼ੀ ਨਾ ਪਹਿਲਾਂ ਕੀਤੀ ਜਾ ਰਹੀ ਸੀ, ਨਾ ਹੁਣ ਕੀਤੀ ਜਾ ਰਹੀ ਹੈ, ਸਗੋਂ ਨਸ਼ਾ ਤਸਕਰਾਂ ਪ੍ਰਤੀ ਢਿੱਲੜ ਰਵੱਈਆ ਅਪਣਾਉਣ ਵਾਲੇ ਪੁਲੀਸ ਅਫਸਰਾਂ ਅਤੇ ਮੁਲਾਜ਼ਮਾਂ ਵਿਰੁੱਧ ਵੀ ਵਿਭਾਗੀ ਕਾਰਵਾਈ ਕਰਨ ਤੋਂ ਸੰਕੋਚ ਨਹੀਂ ਕੀਤਾ ਜਾ ਰਿਹਾ। ਸਾਬਕਾ ਮੰਤਰੀ ਨੇ ਇਸ ਮੌਕੇ ’ਤੇ ਮੌਜੂਦ ਅਧਿਕਾਰੀਆਂ ਸਣੇ ਪੰਚਾਇਤਾਂ, ਨੰਬਰਦਾਰਾਂ, ਡਿਫੈਂਸ ਕਮੇਟੀਆਂ ਨੂੰ ਸਮੂਹਿਕ ਤੌਰ ’ਤੇ ਨਸ਼ਿਆਂ ਵਿਰੁੱਧ ਹਲਫ ਵੀ ਦਿਵਾਇਆ।