ਦੋ ਵੱਖ-ਵੱਖ ਮਾਮਲਿਆਂ ’ਚ ਤਿੰਨ ਗ੍ਰਿਫ਼ਤਾਰ
ਸਿਟੀ ਪੁਲੀਸ ਨੇ ਦੋ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਖ-ਵੱਖ ਕੈਲੀਬਰ ਦੇ ਚਾਰ ਪਿਸਤੌਲ, ਇੱਕ ਡਬਲ ਬੈਰਲ ਬੰਦੂਕ, 300 ਗ੍ਰਾਮ ਹੈਰੋਇਨ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਦੀ ਸ਼ਨਾਖਤ ਤਰਨਤਾਰਨ ਦੇ ਢੱਲ ਪਿੰਡ ਦੇ ਲਵਦੀਪ ਸਿੰਘ, ਮਜੀਠਾ ਰੋਡ ਦੇ ਅਤਿੰਦਰਪਾਲ ਸਿੰਘ ਉਰਫ਼ ਹਨੀ ਅਤੇ ਮਜੀਠਾ ਰੋਡ ਤੇ ਦਸਮੇਸ਼ ਐਵੇਨਿਊ ਦੇ ਗੁਰਸਿਮਰਨ ਸਿੰਘ ਉਰਫ਼ ਸਿੰਧੂ ਵਜੋ ਹੋਈ ਹੈ। ਡੀਸੀਪੀ ਰਵਿੰਦਰ ਪਾਲ ਸਿੰਘ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਲਵਦੀਪ ਸਿੰਘ ਨੂੰ ਵੱਲਾ ਸਬਜ਼ੀ ਮੰਡੀ ਦੇ ਨੇੜੇ ਤੋ ਗ੍ਰਿਫ਼ਤਾਰ ਕੀਤਾ । ਉਸ ਦੇ ਕਬਜ਼ੇ ਵਿੱਚੋਂ ਪੁਲੀਸ ਨੇ ਦੋ .32 ਬੋਰ ਪਿਸਤੌਲ ਬਰਾਮਦ ਕੀਤੇ ਹਨ ਜਦੋਂ ਕਿ ਹੋਰ ਪੁੱਛਗਿੱਛ ਦੌਰਾਨ ਉਸ ਤੋਂ ਇੱਕ .30 ਬੋਰ ਪਿਸਤੌਲ ਤੇ ਇੱਕ ਡਬਲ ਬੈਰਲ ਬੰਦੂਕ ਜ਼ਬਤ ਕੀਤੀ ਗਈ ਹੈ। ਇਸੇ ਤਰ੍ਹਾਂ ਇੱਕ ਹੋਰ ਘਟਨਾ ਵਿੱਚ ਸਥਾਨਕ ਪੁਲੀਸ ਨੇ ਮਜੀਠਾ ਰੋਡ ‘ਤੇ ਸਥਿਤ ਇੰਦਰਾ ਕਲੋਨੀ ਤੋਂ ਅਤਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਉਸ ਦੇ ਕਬਜ਼ੇ ਵਿੱਚੋਂ 300 ਗ੍ਰਾਮ ਹੈਰੋਇਨ ਅਤੇ 5000 ਰੁਪਏ ਦੀ ਡਰੱਗ ਮਨੀ ਤੋਂ ਇਲਾਵਾ ਇੱਕ ਇਲੈਕਟ੍ਰਾਨਿਕ ਕੰਡਾ ਬਰਾਮਦ ਕੀਤਾ ਹੈ।