ਹੈਰੋਇਨ ਦੀ ਖਰੀਦ ਤੇ ਵੇਚ ਕਰਨ ਵਾਲੇ ਤਿੰਨ ਕਾਬੂ
ਐਨ ਪੀ ਧਵਨ
ਪਠਾਨਕੋਟ, 2 ਅਕਤੂਬਰ
ਸੀਆਈਏ ਸਟਾਫ ਵਿੱਚ ਤਾਇਨਾਤ ਐਸਆਈ ਅਜਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਪਿੰਡ ਭੋਆ ਵਿਚੋਂ ਤਿੰਨ ਵਿਅਕਤੀਆਂ ਨੂੰ 110 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ। ਇਨ੍ਹਾਂ ਵਿੱਚੋਂ ਸਕੂਟੀ ਸਵਾਰ ਇੱਕ ਵਿਅਕਤੀ ਹੈਰੋਇਨ ਵੇਚਣ ਵਾਲਾ ਸੀ ਜਦ ਕਿ ਬਾਈਕ ਸਵਾਰ ਦੋ ਵਿਅਕਤੀ ਹੈਰੋਇਨ ਖਰੀਦਣ ਆਏ ਸਨ। ਮੁਲਜ਼ਮਾਂ ਦੀ ਪਹਿਚਾਣ ਸਕੂਟੀ ਸਵਾਰ ਸ਼ਮਸ਼ੇਰ ਸਿੰਘ ਵਾਸੀ ਗਿੱਲਾਂਵਾਲੀ (ਅੰਮ੍ਰਿਤਸਰ) ਅਤੇ ਬਾਈਕ ਸਵਾਰ ਮੁਸ਼ਤਾਕ ਅਲੀ ਉਰਫ ਟਾਕੀ ਵਾਸੀ ਪਿੰਡ ਘੁਮਰੀ ਜ਼ਿਲ੍ਹਾ ਕਠੂਆ ਤੇ ਮੁਹੰਮਦ ਰਫੀ ਵਾਸੀ ਪਿੰਡ ਗੰਡਿਆਲਾ ਜ਼ਿਲ੍ਹਾ ਕਠੂਆ ਵੱਜੋਂ ਹੋਈ ਹੈ। ਇਨ੍ਹਾਂ ਤਿੰਨਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਥਾਣਾ ਸਦਰ, ਪਠਾਨਕੋਟ ਵਿੱਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਐਸਆਈ ਅਜਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ ਵਿੱਚ ਭੋਆ ਮੋੜ ’ਤੇ ਮੌਜੂਦ ਸੀ। ਇਸੇ ਦੌਰਾਨ ਕਿਸੇ ਖਾਸ ਮੁਖਬਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਅੰਮ੍ਰਿਤਸਰ ਦੇ ਗਿੱਲਾਂਵਾਲੀ ਦਾ ਰਹਿਣਾ ਵਾਲਾ ਵਿਅਕਤੀ ਸਕੂਟੀ ’ਤੇ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ। ਜਦਕਿ ਜ਼ਿਲ੍ਹਾ ਕਠੂਆ ਦੇ ਦੋ ਵਿਅਕਤੀ ਉਸ ਕੋਲੋਂ ਹੈਰੋਇਨ ਖਰੀਦਣ ਆ ਰਹੇ ਹਨ। ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਤਾਂ ਭੋਆ ਪੁਲੀ ਕੋਲ ਸਕੂਟੀ ਸਵਾਰ ਵਿਅਕਤੀ ਅਤੇ ਬਾਈਕ ਸਵਾਰ ਵਿਅਕਤੀਆਂ ਨੂੰ ਹੈਰੋਇਨ ਖਰੀਦਣ ਅਤੇ ਵੇਚਣ ਦੇ ਜੁਰਮ ਵਿੱਚ ਫੜ ਲਿਆ। ਪੁਲੀਸ ਨੇ ਉਕਤ ਵਿਅਕਤੀਆਂ ਕੋਲੋਂ 110 ਗਰਾਮ ਹੈਰੋਇਨ ਬਰਾਮਦ ਕਰ ਲਈ।