ਮੋਕਲ ਦੇ ਸਰਪੰਚ ’ਤੇ ਪਲਾਟ ਦੇਣ ਦੇ ਲਾਰੇ ਲਾ ਕੇ ਪੈਸੇ ਹੜੱਪਣ ਦਾ ਦੋਸ਼
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 12 ਜੁਲਾਈ
ਪਿੰਡ ਮੋਕਲ ਦੇ ਬੇਘਰੇ ਲੋਕਾਂ ਵੱਲੋਂ ਪੰਜ ਮਰਲੇ ਦੇ ਪਲਾਟ ਲੈਣ ਬਦਲੇ ਮੋਟੀਆਂ ਰਕਮਾਂ ਹੜੱਪਣ ਦੇ ਸਰਪੰਚ ਉੱਤੇ ਦੋਸ਼ ਲਾਏ ਹਨ। ਇਸ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਐਸਡੀਐਮ ਨੂੰ ਸ਼ਿਕਾਇਤ ਦਿੱਤੀ ਗਈ ਜਿਸ ਰਾਹੀਂ ਉਨ੍ਹਾਂ ਕਥਿਤ ਦੋਸ਼ੀ ਸਰਪੰਚ ਅਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੇਜਰ ਸਿੰਘ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਐੱਸਡੀਐੱਮ ਅਮਨਦੀਪ ਕੌਰ ਘੁੰਮਣ ਨੂੰ ਇੱਕ ਵਫ਼ਦ ਉਨ੍ਹਾਂ ਦੀ ਅਗਵਾਈ ਵਿੱਚ ਮਿਲਿਆ ਹੈ। ਉਸ ਨੇ ਕਿਹਾ ਪਿੰਡ ਮੋਕਲ ਵਿੱਚ ਲੋੜਵੰਦਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਬਦਲੇ ਗ਼ਰੀਬ ਲੋਕਾਂ ਤੋਂ ਪੰਚਾਇਤ ਨੇ ਫਾਈਲ ਖ਼ਰਚੇ ਦੇ ਨਾ ਹੇਠ ਮੋਟੇ ਪੈਸੇ ਪਲਾਟ ਲੈਣ ਦੇ ਚਾਹਵਾਨ ਲੋਕਾਂ ਤੋਂ ਲਏ ਗਏ। ਉਨ੍ਹਾਂ ਦੱਸਿਆ ਕਿ ਕਾਰਜ ਸਿੰਘ ਅਤੇ ਬਿੰਦਰ ਸਿੰਘ ਦੋਨਾਂ ਭਰਾਵਾਂ ਕੋਲ ਰਹਿਣ ਲਈ ਇੱਕ ਮਰਲਾ ਜਗ੍ਹਾ ਵੀ ਨਹੀਂ ਹੈ। ਦੋਵਾਂ ਦੇ ਪਰਿਵਾਰ ਕਿਸੇ ਦੇ ਖੇਤ ਵਿੱਚ ਲੱਗੇ ਟਿਊਬਵੈੱਲ ਉੱਤੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਪਰਵਾਰ ਨੂੰ ਪੰਜ ਪੰਜ ਮਰਲੇ ਦੇ ਰਿਹਾਇਸ਼ੀ ਪਲਾਟ ਦੇ ਕੇ ਉਨ੍ਹਾਂ ਦੇ ਕਬਜ਼ੇ ਵੀ ਕਰਵਾ ਦਿੱਤੇ ਗਏ। ਇਨ੍ਹਾਂ ਗ਼ਰੀਬ ਪਰਿਵਾਰਾਂ ਨੇ ਇੱਟਾਂ ਖ਼ਰੀਦ ਕੇ ਮਕਾਨ ਬਣਾਉਣ ਲਈ ਨੀਂਹਾਂ ਭਰ ਲਈਆਂ ਅਤੇ ਸਬਮਰਸੀਬਲ ਮੋਟਰ ਦਾ ਬੋਰ ਵੀ ਕਰਾ ਲਿਆ ਸੀ। ਹੁਣ ਉਨ੍ਹਾਂ ਨੂੰ ਇਸ ਥਾਂ ਤੋਂ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੇ ਸਰਪੰਚ ਵੱਲੋਂ ਫਾਈਲ ਖ਼ਰਚੇ ਦੇ ਨਾਂ ਹੇਠ ਪਹਿਲਾਂ ਮੋਟੀਆਂ ਰਕਮਾਂ ਵੀ ਉਨ੍ਹਾਂ ਤੋਂ ਲੈ ਲਈਆਂ ਗਈਆਂ ਸਨ। ਇਸ ਸਬੰਧੀ ਸ਼ਿਕਾਇਤ ਲੈ ਕੇ ਪੇਂਡੂ ਮਜ਼ਦੂਰ ਯੂਨੀਅਨ ਦਾ ਇੱਕ ਵਫ਼ਦ ਐਸ ਡੀ ਐਮ ਅਮਨਦੀਪ ਕੌਰ ਘੁੰਮਣ ਨੂੰ ਮਿਲਿਆ ਜਿਨ੍ਹਾਂ ਭਰੋਸਾ ਦਿੱਤਾ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।