ਡਿਊਟੀ ਪ੍ਰਤੀ ਲਾਪ੍ਰਵਾਹੀ ਵਰਤਣ ਵਾਲੇ ਥਾਣਾ ਮੁਖੀ ਨੂੰ ਮੁਅੱਤਲ ਕੀਤਾ
ਐਨਪੀ. ਧਵਨ
ਪਠਾਨਕੋਟ, 21 ਜੁਲਾਈ
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਸੁਜਾਨਪੁਰ ਥਾਣਾ ਮੁਖੀ ਇੰਸਪੈਕਟਰ ਅਨਿਲ ਪਵਾਰ ਨੂੰ ਡਿਊਟੀ ਦੌਰਾਨ ਅਣਗਹਿਲੀ ਵਰਤਣ ’ਤੇ ਮੁਅੱਤਲ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਬੀਤੀ 14 ਜੁਲਾਈ ਨੂੰ ਸਤਨਾਮ ਸਿੰਘ ਵਾਸੀ ਦਿਹਾਤੀ ਸੁਜਾਨਪੁਰ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ। ਇਸ ’ਤੇ ਥਾਣਾ ਮੁਖੀ ਨੇ ਮੁਲਜ਼ਮ ਲੜਕੀ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਕੇਸ ਦਰਜ ਨਾ ਕਰ ਕੇ ਸਿਰਫ਼ 174 ਸੀਆਰਪੀਸੀ ਦੀ ਕਾਰਵਾਈ ਕਰਨ ਕਰ ਕੇ ਮਾਮਲੇ ਨੂੰ ਕਥਿਤ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲਣ ਤੋਂ ਪਹਿਲਾਂ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਉਸ ਨੇ ਇੱਕ ਲੜਕੀ ਉੱਪਰ ਦੋਸ਼ ਲਗਾਇਆ ਸੀ ਕਿ ਉਹ ਉਸ ਨੂੰ ਬਲੈਕਮੇਲ ਕਰ ਰਹੀ ਸੀ ਤੇ ਉਸ ਤੋਂ ਦੁਖੀ, ਪ੍ਰੇਸ਼ਾਨ ਹੋ ਕੇ ਉਹ ਆਤਮਹੱਤਿਆ ਕਰ ਰਿਹਾ ਹੈ। ਤਿੰਨ ਦਿਨ ਬੀਤਣ ਤੋਂ ਬਾਅਦ ਵਿੱਚ ਮ੍ਰਿਤਕ ਨੌਜਵਾਨ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਥਾਣੇ ਅੱਗੇ ਧਰਨਾ ਵੀ ਦਿੱਤਾ ਸੀ। ਉਸ ਦੇ ਅਗਲੇ ਦਿਨ ਪੁਲੀਸ ਨੇ ਮੁਲਜ਼ਮ ਲੜਕੀ ਉੱਪਰ ਆਈਪੀਸੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਦਿੱਤਾ। ਇਸ ਦਾ ਜ਼ਿਲ੍ਹਾ ਪੁਲੀਸ ਮੁਖੀ ਨੇ ਬੁਰਾ ਮਨਾਇਆ ਤੇ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲ ਕੀਤੇ ਗਏ ਥਾਣਾ ਮੁਖੀ ਦੀ ਥਾਂ ਇੰਸਪੈਕਟਰ ਦਵਿੰਦਰ ਪ੍ਰਸ਼ਾਦ ਨੂੰ ਥਾਣਾ ਸੁਜਾਨਪੁਰ ਦਾ ਨਵਾਂ ਮੁੱਖ ਅਫ਼ਸਰ ਲਗਾਇਆ ਐੱਸਐੱਸਪੀ ਨੇ ਸਪੱਸ਼ਟ ਕਿਹਾ ਕਿ ਡਿਊਟੀ ਦੌਰਾਨ ਲਾਪਰਵਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।