ਚਿੰਤਾ ਤੋਂ ਚਿੰਤਨ ਵੱਲ ਪਰਤਣ ਦਾ ਸੰਦੇਸ਼ ਦਿੰਦੀ ਹੈ ਨੌਵੇਂ ਗੁਰੂ ਦੀ ਬਾਣੀ
ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸੈਮੀਨਾਰ ਸਾਡੀਆਂ ਪਰੰਪਰਾਵਾਂ ਦੇ ਪੁਨਰ-ਚਿੰਤਨ ਦਾ ਰਾਹ ਖੋਲ੍ਹਦੇ ਹਨ। ਅਰਥ-ਸ਼ਾਸਤਰ ਵਿਭਾਗ ਦੀ ਮੁਖੀ ਡਾ. ਬਲਜੀਤ ਕੌਰ ਨੇ ਸੈਮੀਨਾਰ ਦੇ ਪ੍ਰਮੁੱਖ ਬੁਲਾਰੇ ਚਿਰੰਜੀਵ ਸਿੰਘ (ਆਈ.ਏ.ਐੱਸ) ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਕੁਸ਼ਲ ਪ੍ਰਬੰਧਕ ਅਤੇ ਪ੍ਰਸ਼ਾਸਕ ਹੋਣ ਦੇ ਨਾਲ-ਨਾਲ ਸਿੱਖ ਚਿੰਤਨ ਵਿੱਚ ਵੀ ਡੂੰਘੀ ਦਿਲਚਸਪੀ ਰੱਖਦੇ ਹਨ। ਸੈਮੀਨਾਰ ਦੇ ਪ੍ਰਮੁੱਖ ਵਕਤਾ ਚਿਰੰਜੀਵ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਬਾਣੀ ਇਕਰੂਪ ਹਨ, ਜਿਸ ਕਾਰਨ ਦੋਵੇਂ ਹੀ ਇਤਿਹਾਸ ਦਾ ਪ੍ਰਮਾਣਿਕ ਅਤੇ ਮਹੱਤਵਪੂਰਨ ਸਰੋਤ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਮੁੱਚੀ ਮਾਨਵਤਾ ਲਈ ਆਜ਼ਾਦੀ ਦਾ ਅਹਿਮ ਐਲਾਨਨਾਮਾ ਹੈ। ਇਹ ਮਨੁੱਖ ਨੂੰ “ਨਿਰਭਉ ਨਿਰਵੈਰੁ” ਹੋਣ ਦਾ ਰਹੱਸ ਦੱਸਦਾ ਹੈ। ਉਨ੍ਹਾਂ ਦੀ ਬਾਣੀ ਮਾਨਵ ਨੂੰ ਅਜਿਹੀ ਚੇਤਨਾ ਪ੍ਰਦਾਨ ਕਰਦੀ ਹੈ ਜੋ ਉਸ ਨੂੰ ਨਿਮਰਤਾ ਦਾ ਪਾਤਰ ਬਣਾਉਂਦੀ ਹੈ। ਅੰਤ ਵਿੱਚ ਡਾ. ਮੀਨੂ ਵਰਮਾ, ਮੁਖੀ, ਕਾਨੂੰਨ ਵਿਭਾਗ ਨੇ ਇਸ ਬਹੁ-ਅਨੁਸ਼ਾਸਨੀ ਸੈਮੀਨਾਰ ਦੀ ਕਾਮਯਾਬੀ ਲਈ ਸਮੂਹ ਧਿਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਵਿਭਾਗ ਦੀ ਸਹਾਇਕ ਪ੍ਰੋਫ਼ੈਸਰ ਡਾ. ਬਲਜੀਤ ਕੌਰ ਰਿਆੜ ਨੇ ਕੀਤਾ। ਇਸ ਮੌਕੇ ਡਾ. ਅਮਰ ਸਿੰਘ, ਡਾ. ਹਰਿੰਦਰ ਸੋਹਲ, ਡਾ. ਮੇਘਾ ਸਲਵਾਨ,ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਡਾ. ਹਸਨ ਰੇਹਾਨ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਅਸ਼ੋਕ ਭਗਤ, ਡਾ. ਚੰਦਨਪ੍ਰੀਤ ਸਿੰਘ ਅਤੇ ਡਾ. ਅੰਜੂ ਬਾਲਾ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।
