ਪਿੰਡ ਸਮਰਾਲਾ ਵਿੱਚ ਗੁੱਜਰ ਭਾਈਚਾਰੇ ਨੇ ‘ਆਪ’ ਦਾ ਪੱਲਾ ਫੜਿਆ
ਐਨਪੀ ਧਵਨ
ਪਠਾਨਕੋਟ, 29 ਜਨਵਰੀ
ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਮਰਾਲਾ ਵਿੱਚ ਗੁੱਜਰ ਮੁਸਲਮਾਨ ਭਾਈਚਾਰੇ ਦੇ ਲੋਕ ਵੱਖ ਵੱਖ ਪਾਰਟੀਆਂ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ। ਇਸ ਸਬੰਧੀ ਕਰਵਾਏ ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਗੁੱਜਰ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ ਅਤੇ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਨ ਸਮਮਾਨ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਨਰੇਸ਼ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ, ਸੰਦੀਪ ਕੁਮਾਰ, ਠਾਕੁਰ ਭੁਪਿੰਦਰ ਸਿੰਘ, ਮੌਲਵੀ ਬਰਕਤ ਅਲੀ, ਝੂੰਮਨ ਪਠਾਨਚੱਕ, ਰੋਸ਼ਨਦੀਨ ਕਟਾਰੂਚੱਕ, ਅਨੂ ਪ੍ਰਧਾਨ ਕਟਾਰੂਚੱਕ, ਬਬਲੂ ਪ੍ਰਧਾਨ, ਸ਼ੇਰੂ ਗੁੱਜਰ, ਅਲੀ ਹੁਸੈਨ, ਸੁਰਜੀਤ ਬੱਬੂ ਸਰਪੰਚ ਸਮਰਾਲਾ ਆਦਿ ਹਾਜ਼ਰ ਸਨ। ਰੋਸ਼ਨਦੀਨ ਨੇ ਕਿਹਾ ਕਿ ਘੱਟ ਗਿਣਤੀਆਂ ਨੂੰ ਭਾਜਪਾ ਤੋਂ ਖ਼ਤਰਾ ਹੈ ਜਦੋਂਕਿ ਆਮ ਆਦਮੀ ਫ਼ਿਰਕੂ ਸਿਆਸਤ ਦੀ ਥਾਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।
ਇਸ ਮੌਕੇ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਗੁੱਜਰ ਭਾਈਚਾਰੇ ਦੇ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਹਲਕਾ ਭੋਆ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।
ਬਾਅਦ ਵਿੱਚ ਮੰਤਰੀ ਕਟਾਰੂਚੱਕ ਨੇ ਗੋਬਿੰਦਸਰ ਸਟੇਡੀਅਮ ਵਿਚ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਟੂਰਨਾਮੈਂਟ ਵਿੱਚ 100 ਦੇ ਕਰੀਬ ਟੀਮਾਂ ਸ਼ਾਮਲ ਹੋ ਰਹੀਆਂ ਹਨ। ਮੰਤਰੀ ਨੇ ਸਟੇਡੀਅਮ ਦੇ ਮੁੜ ਉਸਾਰੀ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।