ਤਰਨ ਤਾਰਨ: ਉਮੀਦਵਾਰਾਂ ਨੇ ਚੁਣਾਵੀ ਥਕਾਵਟ ਲਾਹੀ
ਮਹੀਨਿਆਂ ਤੱਕ ਤਰਨ ਤਾਰਨ ਦੀ ਜ਼ਿਮਨੀ ਚੋਣ ਦੀ ਚੱਲੀ ਮੁਹਿੰਮ ਦੀ ਉਮੀਦਵਾਰਾਂ ਨੇ ਅੱਜ ਥਕਾਵਟ ਲਾਹੀ। ਬਹੁਤੇ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਤੋਂ ਦੂਰੀ ਬਣਾਈ ਰੱਖੀ। ਉਨ੍ਹਾਂ ਦੇ ਰੁਝੇਵਿਆਂ ਦੀ ਜਾਣਕਾਰੀ ਇਕੱਤਰ ਕਰਨ ਲਈ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਆਮ ਆਦਮੀ ਪਾਰਟੀ (ਆਪ) ਦੇ ਤਰਨ ਤਾਰਨ ਰਹਿੰਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਕੋਠੀ ’ਤੇ ਸੁੰਨ ਪਸਰੀ ਹੋਈ ਸੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਮੋਬਾਈਲ ਕਾਲ ਦਾ ਜਵਾਬ ਤੱਕ ਵੀ ਨਹੀਂ ਦਿੱਤਾ।
ਇਸੇ ਤਰ੍ਹਾਂ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਆਪਣਾ ਮੋਬਾਈਲ ਫੋਨ ਦਿਨ ਭਰ ਬੰਦ ਰੱਖਿਆ। ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਰਿੰਗ ਜਾਣ ਦੇ ਬਾਵਜੂਦ ਵੀ ਮੋਬਾਈਲ ਕਾਲ ਰਿਸੀਵ ਨਹੀਂ ਕੀਤੀ। ਉਮੀਦਵਾਰਾਂ ਦੇ ਤਰਨ ਤਾਰਨ ਸਥਿਤ ਸਾਰੇ ਚੋਣ ਦਫਤਰਾਂ ’ਤੇ ਚੁੱਪ ਪਸਰੀ ਰਹੀ। ‘ਵਾਰਸ ਪੰਜਾਬ ਦੇ’ ਤੇ ਕਈ ਹੋਰ ਸਿੱਖ ਧਿਰਾਂ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਨੇ ਕਿਹਾ ਕਿ ਥਕਾਵਟ ਹੋਣ ਕਰਕੇ ਹੀ ਉਹ ਅੱਜ ਸਵੇਰੇ ਚਾਰ ਵਜੇ ਦੀ ਥਾਂ ਤੇ 6:00 ਵਜੇ ਉੱਠੇ ਅਤੇ ਇਸ਼ਨਾਨ ਵਗੈਰਾ ਕਰਨ ਉਪਰੰਤ ਨਿਤਨੇਮ ਕਰਕੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ, ਅੰਮ੍ਰਿਤਸਰ ਆਪਣੇ ਸਮਰਥਕਾਂ ਨਾਲ ਮੱਥਾ ਟੇਕਣ ਲਈ ਗਏ। ਉਨ੍ਹਾਂ ਆਪਣੇ ਸਾਥੀਆਂ ਨਾਲ ਭਵਿੱਖ ਬਾਰੇ ਵੀ ਵਿਚਾਰਾਂ ਕੀਤੀਆਂ। ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਕਿਹਾ ਕਿ ਉਹ ਅੱਜ ਬਹੁਤ ਦੇਰ ਨਾਲ ਉੱਠੇ ਅਤੇ ਪਰਿਵਾਰ ਨਾਲ ਨਾਸ਼ਤਾ ਕਰਕੇ ਪਾਰਟੀ ਵਰਕਰਾਂ ਤੋਂ ਚੋਣ ਮੁਹਿੰਮ ਅਤੇ ਵੋਟਾਂ ਦੇ ਭੁਗਤਾਨ ਬਾਰੇ ਜਾਣਕਾਰੀ ਇਕੱਤਰ ਕੀਤੀ| ਉਨ੍ਹਾਂ ਕਿਹਾ ਕਿ ਪਾਰਟੀ ਦੇ ਇਕ ਸਮਰਪਿਤ ਸਿਪਾਹੀ ਵਜੋਂ ਸੇਵਾ ਕਰਦੇ ਰਹਿਣਗੇ| ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੀ ਹਰਬਰਿੰਦਰ ਕੌਰ ਉਸਮਾਂ ਨੇ ਕਿਹਾ ਕਿ ਉਸ ਨੇ ਇਸ ਚੋਣ ਤੋਂ ਲੋਕ ਸੇਵਾ ਕਰਦੇ ਰਹਿਣ ਦੇ ਅਨੇਕਾਂ ਰਾਜਸੀ ਗੁਣ ਗ੍ਰਹਿਣ ਕੀਤੇ ਹਨ। ਉਹ ਅੱਜ ਆਮ ਵਾਂਗਰਾ ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਤੇ ਮੰਦਿਰ ਰਿਸ਼ੀ ਵਾਲਮੀਕੀ ਰਾਮ ਤੀਰਥ ਵੀ ਗਏ।
ਵੋਟਰਾਂ ਨੂੰ ਧਮਕਾਉਣ ਦੇ ਦੋਸ਼ ਹੇਠ 14 ਖ਼ਿਲਾਫ਼ ਕੇਸ ਦਰਜ
ਤਰਨ ਤਾਰਨ ਜ਼ਿਮਨੀ ਚੋਣ ਲਈ ਵੋਟਰ ਨੂੰ ਡਰਾਉਣ-ਧਮਕਾਉਣ-ਭਰਮਾਉਣ ਦੇ ਦੋਸ਼ ਹੇਠ ਸਬੰਧਿਤ ਥਾਣਿਆਂ ਦੀ ਪੁਲੀਸ ਨੇ 14 ਜਣਿਆਂ ਖਿਲਾਫ਼ ਛੇ ਕੇਸ ਦਰਜ ਕੀਤੇ ਹਨ। ਝਬਾਲ ਪੁਲੀਸ ਨੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਤੇ ਦੋ ਹੋਰਨਾਂ ਖ਼ਿਲਾਫ਼ ਗੁਰਮੀਤ ਕੌਰ ਨੂੰ ਅਕਾਲੀ ਦਲ ਨੂੰ ਵੋਟ ਨਾ ਪਾਉਣ ’ਤੇ ਸਿੱਟੇ ਭੁਗਤਨ ਲਈ ਤਿਆਰ ਰਹਿਣ ਦੀ ਧਮਕੀ ਦੇਣ ’ਤੇ ਕਾਰਵਾਈ ਕੀਤੀ ਹੈ। ਥਾਣਾ ਝਬਾਲ ਥਾਣਾ ਦੀ ਐੱਸ ਐਚ ਓ ਇੰਸਪੈਕਟਰ ਨਵਨੀਤ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਬੀ ਐਨ ਐੱਸ ਦੀ ਦਫ਼ਾ 174, 351 (2)ਤੇ 351 (3) ਅਧੀਨ ਇਕ ਕੇਸ ਦਰਜ ਕੀਤਾ ਹੈ। ਅਸਲਾ ਲੈ ਕੇ ਦਹਿਸ਼ਤ ਫੈਲਾਉਣ ’ਤੇ ਝਬਾਲ ਦੀ ਪੁਲੀਸ ਨੇ ਪੱਧਰੀ ਕਲਾਂ ਦੇ ਆੜ੍ਹਤੀਏ ਗੁਰਸੇਵਕ ਸਿੰਘ ਤੇ ਦੋ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕਾਰ ਸਵਾਰ ਚਾਰ ਜਣਿਆਂ ਖ਼ਿਲਾਫ਼ ਚੋਣ ਦੌਰਾਨ ਗੜਬੜ ਕਰਨ ਦੇ ਦੋਸ਼ ਅਧੀਨ ਕੇਸ ਦਰਜ ਕਰਕੇ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਥਾਣਾ ਦੀ ਪੁਲੀਸ ਨੇ ਪੋਲਿੰਗ ਦੌਰਾਨ ਵੋਟਰ ਨੂੰ ਭਰਮਾਉਣ ਦੇ ਦੋਸ਼ ਅਧੀਨ ਅਕਾਲੀ ਵਰਕਰ ਰਾਜ ਕੁਮਾਰ ਨੀਟਾ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਲੜਕੀ ਕੰਚਨਪ੍ਰੀਤ ਕੌਰ ਅਤੇ ਕਰਨ ਗਿੱਲ ਵਾਸੀ ਮੀਆਂਪੁਰ ਵੱਲੋਂ ਵੋਟਾਂ ਪੈਣ ਦੌਰਾਨ ਇੰਸ੍ਰਾਗਰਾਮ ’ਤੇ ਜਾਣਕਾਰੀ ਸ਼ੇਅਰ ਕਰਨ ਦੇ ਦੋਸ਼ ਹੇਠ ਵੈੱਬ ਕੰਟਰੋਲ ਦੇ ਨੋਡਲ ਅਧਿਕਾਰੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ।
