ਤਰਨ ਤਾਰਨ ਜ਼ਿਮਨੀ ਚੋਣ: ਪੁਲੀਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ
ਨੂਰਦੀ ਪਿੰਡ ਵਿੱਚ ਮੁੱਖ ਮੰਤਰੀ ਦੇ ਰੋਡ ਸ਼ੋਅ ਦੇ ਸ਼ੁਰੂ ਹੋਣ ’ਤੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸਬੰਧਿਤ ਸੈਂਕੜੇ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ| ਇਸੇ ਦੌਰਾਨ ਪੁਲੀਸ ਦੀਆਂ ਧਾੜਾਂ ਨੇ 50 ਦੇ ਕਰੀਬ ਔਰਤ ਅਤੇ 200 ਦੇ ਕਰੀਬ ਮਰਦ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੁਲੀਸ ਦੀਆਂ ਗੱਡੀਆਂ ਬਿਠਾ ਕੇ ਦੂਰ ਦੇ ਥਾਂਵਾਂ ਖੇਮਕਰਨ,ਹਰੀਕੇ ਛੱਡ ਕੇ ਰਿਹਾਅ ਕਰ ਦਿੱਤਾ| ਮੁੱਖ ਮੰਤਰੀ ਭਗਵੰਤ ਸਿੰਘ ਨੇ ਇਲਾਕੇ ਦੇ ਪਿੰਡਾਂ ਦੇ ਆਪਣੇ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਵਿਰੋਧੀ ਧਿਰਾਂ ਵੱਲੋਂ ਕੀਤੇ ਜਾਣ ਵਾਲੇ ਸਰਕਾਰ ਵਿਰੋਧੀ ਪ੍ਰਚਾਰ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ|
ਇਸੇ ਦੌਰਾਨ ਘੱਟ ਗਿਣਤੀਆਂ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਪਾਰਟੀ ਉਮੀਦਵਾਰ ਹਰਜੀਤ ਸਿੰਘ ਸੰਧੂ ਹੱਕ ਵਿੱਚ ਪ੍ਰਚਾਰ ਕਰਦਿਆਂ ਅੱਜ ਤੱਕ ਗੁਰੂਆਂ, ਪੀਰਾਂ, ਮਹਾਨ ਯੋਧਿਆਂ ਅਤੇ ਸੂਰਬੀਰਾਂ ਦੀ ਧਰਤੀ ਤਰਨ ਤਾਰਨ ਨਾਲ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਬੁਰੀ ਤਰਾਂ ਅਣਗੌਲਿਆਂ ਕੀਤੇ ਜਾਣ ਦੋਸ਼ ਲਗਾਇਆ|
ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਆਗੂ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਵਿੱਚ ਐੱਸ ਐੱਸ ਪੀ ਨੂੰ ਮਿਲ ਕੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦੇਸ਼ ਦੇ ਸੀਨੀਅਰ ਆਗੂ ਰਹੇ ਬੂਟਾ ਸਿੰਘ ਖਿਲਾਫ਼ ਕਥਿਤ ਤੌਰ ’ਤੇ ਜਾਤੀਸੂਚਕ ਸ਼ਬਦਾਵਲੀ ਦੀ ਕੀਤੀ ਜਾਣ ਖਿਲਾਫ਼ ਬੀ ਐਨ ਐੱਸ ਦੀਆਂ ਧਾਰਾਵਾਂ ਅਧੀਨ ਫੌਜਦਾਰੀ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ|
