ਤੈਰਾਕੀ: ਮਾਂਟੈਸਰੀ ਸਕੂਲ ਨੇ 45 ਸੋਨ ਤੇ 13 ਚਾਂਦੀ ਦੇ ਤਗਮੇ ਜਿੱਤੇ
ਮਾਂਟੈਸਰੀ ਕੈਂਬਰਿਜ ਸਕੂਲ ਦੇ ਤੈਰਾਕਾਂ ਨੇ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਕਰਵਾਈਆਂ ਗਈਆਂ 12ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਸਕੂਲ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਮੁਕਾਬਲਿਆਂ ਵਿੱਚ ਕੁੱਲ 45 ਸੋਨ ਅਤੇ 13 ਚਾਂਦੀ ਦੇ ਤਗਮੇ ਜਿੱਤੇ ਹਨ।
ਪ੍ਰਧਾਨ ਵਿਨੋਦ ਮਹਾਜਨ, ਉਪ ਪ੍ਰਧਾਨ ਆਕਾਸ਼ ਮਹਾਜਨ ਤੇ ਪ੍ਰਿੰਸੀਪਲ ਰਸ਼ਮੀ ਆਹਲੂਵਾਲੀਆਂ ਨੇ ਦੱਸਿਆ ਕਿ ਅੰਡਰ-14 ਵਰਗ ਲੜਕਿਆਂ ਵਿੱਚ ਸ਼ੌਰਿਆ ਬਸਰਾ ਨੇ 100 ਮੀਟਰ ਬਟਰਫਲਾਈ ਅਤੇ 4x100 ਮੀਟਰ ਫਰੀਸਟਾਈਲ ਰਿਲੇਅ ਵਿੱਚ ਗੋਲਡ ਅਤੇ 50 ਮੀਟਰ ਬਟਰਫਲਾਈ ਤੇ 200 ਮੀਟਰ ਫਰੀਸਟਾਈਲ ਵਿੱਚ ਸਿਲਵਰ ਮੈਡਲ ਜਿੱਤਿਆ। ਰਿਆਂਸ਼ ਮਹਾਜਨ ਨੇ 50 ਮੀਟਰ, 100 ਮੀਟਰ ਅਤੇ 400 ਮੀਟਰ ਦੌੜ ਵਿੱਚ 3 ਗੋਲਡ ਅਤੇ ਰਿਲੇਅ ਵਿੱਚ ਗੋਲਡ ਮੈਡਲ ਜਿੱਤਿਆ। ਆਯਾਨ ਖਾਨ ਬੈਕਸਟਰੋਕ ਵਿੱਚ ਚੈਂਪੀਅਨ ਬਣ ਕੇ ਉੱਭਰਿਆ। ਉਸ ਨੇ 50 ਮੀਟਰ, 100 ਮੀਟਰ ਅਤੇ ਰਿਲੇਅ ਵਿੱਚ 3 ਗੋਲਡ ਮੈਡਲ ਜਿੱਤੇ। ਲੜਕੀਆਂ ਵਿੱਚ ਮਿਸ਼ਿਕਾ ਨੇ 50 ਮੀਟਰ, 200 ਮੀਟਰ ਅਤੇ 400 ਮੀਟਰ ਵਿੱਚ 3 ਗੋਲਡ ਮੈਡਲ ਜਿੱਤ ਕੇ ਫਰੀਸਟਾਈਲ ਵਿੱਚ ਆਪਣਾ ਦਬਦਬਾ ਬਣਾਇਆ।
ਇਸੇ ਤਰ੍ਹਾਂ ਅੰਡਰ-17 ਵਿੱਚ ਅਵਿਨਾਸ਼ ਕੁਮਾਰ ਨੇ ਫਰੀਸਟਾਈਲ ਅਤੇ ਬੈਕਸਟਰੋਕ ਵਿੱਚ 3 ਗੋਲਡ ਜਿੱਤੇ। ਵਿਨਾਇਕ ਮਹਾਜਨ ਨੇ 400 ਮੀਟਰ, 800 ਮੀਟਰ ਫਰੀਸਟਾਈਲ ਅਤੇ 50 ਮੀਟਰ ਬ੍ਰੈਸਟ ਸਟਰੋਕ ਵਿੱਚ ਗੋਲਡ ਮੈਡਲ ਜਿੱਤੇ। ਵਰੁਣ ਲਲੋਤਰਾ ਨੇ ਬਟਰਫਲਾਈ ਅਤੇ ਆਈਐਮ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲਾਂ ਵਿੱਚ ਹੈਟ੍ਰਿਕ ਪੂਰੀ ਕੀਤੀ। ਲੜਕੀਆਂ ਵਿੱਚ ਰਸਮੀਨ ਕੌਰ ਨੇ ਫਰੀਸਟਾਈਲ ਵਿੱਚ 2 ਗੋਲਡ ਅਤੇ ਇੱਕ ਸਿਲਵਰ ਪਦਕ ਜਿੱਤਿਆ। ਸਿੱਧੀ ਜੋਸ਼ੀ ਅਤੇ ਰਿਧੀ ਜੋਸ਼ੀ ਨੇ ਕ੍ਰਮਵਾਰ ਬ੍ਰੈਸਟ ਸਟਰੋਕ ਅਤੇ ਬੈਕ ਸਟਰੋਕ ਵਿੱਚ ਗੋਲਡ ਮੈਡਲਾਂ ਦੀ ਹੈਟ੍ਰਿਕ ਬਣਾਈ। ਅੰਡਰ-19 ਵਰਗ ਵਿੱਚ ਕ੍ਰਿਸ਼ਨਾ ਮਹਾਜਨ ਨੇ ਫਰੀਸਟਾਈਲ ਅਤੇ ਬੈਕਸਟਰੋਕ ਵਿੱਚ 3 ਗੋਲਡ ਮੈਡਲ ਜਿੱਤੇ, ਜਦ ਕਿ ਅਵਨੀ ਨੇ ਬ੍ਰੈਸਟ ਸਟਰੋਕ ਤੇ ਫਰੀਸਟਾਈਲ ਵਿੱਚ ਗੋਲਡ ਦੇ 3 ਮੈਡਲ ਜਿੱਤ ਕੇ ਆਪਣੀ ਛਾਪ ਬਣਾਈ।