ਸੁਖਬੀਰ ਬਾਦਲ ਵੱਲੋਂ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ
ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਮਾਹੌਲ ਭਖਿਆ
Advertisement
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਹੋਣ ਵਾਲੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਜਿੱਤ ਯਕੀਨੀ ਬਣਾਉਣ ਲਈ ਰਾਤ-ਦਿਨ ਇਕ ਕਰ ਦੇਣ ਦੀ ਅਪੀਲ ਕੀਤੀ| ਪਾਰਟੀ ਵਰਕਰਾਂ ਨੂੰ ਉਨ੍ਹਾਂ ਤਰਨ ਤਾਰਨ ਹਲਕੇ ਦੀ ਪੰਥਕ ਰਵਾਇਤ ਨੂੰ ਫਿਰ ਤੋਂ ਉਜਾਗਰ ਕਰਨ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਉਹ ਖੁਦ ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਦੇ ਹੱਕ ਵਿੱਚ ਬੂਥ ਲੈਵਲ ਤੱਕ ਜਾਣਗੇ| ਉਨ੍ਹਾਂ ਕਿਹਾ ਕਿ ਉਹ ਇਸ ਲਈ 20 ਅਗਸਤ ਤੋਂ ਹਲਕੇ ਅੰਦਰ ਪੱਕੇ ਡੇਰੇ ਲਗਾ ਲੈਣਗੇ| ਉਨ੍ਹਾਂ ਪਾਰਟੀ ਵਰਕਰਾਂ ਨੂੰ ਆਪਣੇ ਮੋਬਾਈਲਾਂ ’ਤੇ ਗਰੁੱਪ ਬਣਾਉਣ ਦੀ ਵੀ ਅਪੀਲ ਕੀਤੀ|
ਉਨ੍ਹਾਂ ਸਿੱਖਾਂ ਨੂੰ ਯਾਦ ਕਰਾਇਆ ਕਿ ਭਾਜਪਾ ਵੱਲੋਂ ਬਾਬਰੀ ਮਸਜਿਦ ਢਾਹ ਦੇਣ ਤੋਂ ਬਾਅਦ ਸਮੁੱਚੇ ਮੁਸਲਮਾਨਾਂ ਨੇ ਭਾਜਪਾ ਦਾ ਅੱਜ ਤੱਕ ਬਾਈਕਾਟ ਕਰ ਰੱਖਿਆ ਹੈ ਪਰ ਕੁਝ ਸਿੱਖ ਅਜੇ ਵੀ ਕਾਂਗਰਸ ਪਾਰਟੀ ਦੀ ਬੇੜੀ ਵਿੱਚ ਸਵਾਰ ਹਨ ਜਿਸ ਨੇ ਸਿੱਖਾਂ ਦਾ ਸਰਵੋਤਮ ਅਸਥਾਨ ਸ੍ਰੀ ਅਕਾਲ ਤਖਤ ਤੋਪਾਂ ਨਾਲ ਢਹਿ ਢੇਰੀ ਕਰ ਦਿੱਤਾ ਸੀ| ਇਸ ਮੌਕੇ ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ, ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਸੰਧੂ, ਗੌਰਵ ਸਿੰਘ ਵਲਟੋਹਾ ਤੇ ਪਰਮਜੀਤ ਸਿੰਘ ਗੱਗੋਬੁਆ ਨੇ ਵੀ ਸੰਬੋਧਨ ਕੀਤਾ|
Advertisement
Advertisement