ਖ਼ੁਦਕੁਸ਼ੀ ਮਾਮਲਾ: ਪੁਲੀਸ ਕਾਰਵਾਈ ਨਾ ਹੋਣ ਖ਼ਿਲਾਫ਼ ਧਰਨਾ
ਕਿਰਤੀ ਕਿਸਾਨ ਯੂਨੀਅਨ ਨੇ ਮ੍ਰਿਤਕ ਦੇਹ ਦਾ ਸਸਕਾਰ ਨਾ ਕਰਨ ਦੀ ਚਿਤਾਵਨੀ ਦਿੱਤੀ
Advertisement
ਕਿਰਤੀ ਕਿਸਾਨ ਯੂਨੀਅਨ ਨੇ ਸਰਹੱਦੀ ਪਿੰਡ ਘੜਿਆਲਾ ਦੇ ਕਿਸਾਨ ਸਤਨਾਮ ਸਿੰਘ ਵੱਲੋਂ 14 ਨਵੰਬਰ ਨੂੰ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਖ਼ਿਲਾਫ਼ ਅੱਜ ਥਾਣਾ ਪੱਟੀ ਸਦਰ ਸਾਹਮਣੇ ਧਰਨਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਤੁਰੰਤ ਕਾਰਵਾਈ ਨਾ ਕਰਨ ’ਤੇ ਪੁਲੀਸ ਵਿਰੁਧ ਲਗਾਤਾਰ ਧਰਨੇ ਦੇਣ ਦੀ ਚਿਤਾਵਨੀ ਦਿੱਤੀ। ਪਰਿਵਾਰ ਨੇ ਨਿਆਂ ਨਾ ਮਿਲਣ ਤੱਕ ਪ੍ਰਸ਼ਾਸਨ ਨੂੰ ਮ੍ਰਿਤਕ ਦੇਹ ਦਾ ਸਸਕਾਰ ਨਾ ਕਰਨ ਦੀ ਚਿਤਾਵਨੀ ਦਿੱਤੀ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਮੁਗਲਚੱਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਤਨਾਮ ਸਿੰਘ ਨੇ ਖੁਦਕਸ਼ੀ ਨੋਟ ਵਿੱਚ ਲਿਖਿਆ ਸੀ ਕਿ ਉਹ ਆਪਣੇ ਪਿੰਡ ਦੀ ਔਰਤ ਵੱਲੋਂ ਉਸ ਦਾ ਘਰ ਢਾਹ ਦੇਣ ਤੋਂ ਦੁਖੀ ਹੋ ਕੇ ਸਖਤ ਕਦਮ ਚੁੱਕਣ ਲਈ ਮਜਬੂਰ ਹੋਇਆ ਹੈ। ਇਸ ਦੇ ਆਧਾਰ ’ਤੇ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਜਥੇਬੰਦੀ ਨੂੰ ਪੀੜਤ ਪਰਿਵਾਰ ਦੀ ਆਵਾਜ਼ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਥਾਣਾ ਮੁਖੀ ਵੱਲੋਂ ਮ੍ਰਿਤਕ ਦੀ ਮਾਤਾ ਬਲਵੀਰ ਕੌਰ ਦਾ ਇਸ ਮਾਮਲੇ ਵਿੱਚ ਬਿਆਨ ਦਰਜ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ, ਕਸ਼ਮੀਰ ਸਿੰਘ, ਜਵਾਹਰ ਸਿੰਘ, ਜਿਉਣ ਸਿੰਘ, ਨਾਜਰ ਸਿੰਘ, ਨਿਰੰਕਾਰ ਸਿੰਘ, ਦਿਲਬੀਰ ਸਿੰਘ ਭੱਗੂਪੁਰ ਨੇ ਵੀ ਸੰਬੋਧਨ ਕੀਤਾ ਅਤੇ ਉੱਚ ਪੁਲੀਸ ਅਧਿਕਾਰੀਆਂ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ|
Advertisement
Advertisement
