ਸਕੂਲ ਹੋਸਟਲ ਤੋਂ ਫ਼ਰਾਰ ਵਿਦਿਆਰਥੀ ਦਿੱਲੀ ਤੋਂ ਮਿਲੇ
ਐੱਸ ਐੱਸ ਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਸਕੂਲ ਪ੍ਰਬੰਧਕਾਂ ਨੇ ਮਾਮੂਨ ਪੁਲੀਸ ਨੂੰ ਸੂਚਨਾ ਦਿੱਤੀ ਕਿ ਏਂਜਲਸ ਪਬਲਿਕ ਸਕੂਲ, ਹੋਸਟਲ ਸਹੂਲਤਾਂ ਵਾਲੇ ਡੇ-ਬੋਰਡਿੰਗ ਸਕੂਲ ਵਿੱਚ ਕਈ ਰਾਜਾਂ ਦੇ ਵਿਦਿਆਰਥੀ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਚਾਰ ਵਿਦਿਆਰਥੀ 18-19 ਨਵੰਬਰ ਦੀ ਦਰਮਿਆਨੀ ਰਾਤ ਨੂੰ ਹੋਸਟਲ ਵਿੱਚੋਂ ਗਾਇਬ ਹੋ ਗਏ ਹਨ ਜਿਨ੍ਹਾਂ ਦੀ ਕਾਫੀ ਭਾਲ ਕਰਨ ਦੇ ਬਾਵਜੂਦ ਨਹੀਂ ਮਿਲ ਰਹੇ। ਇਸ ਤੋਂ ਬਾਅਦ ਡੀ ਐੱਸ ਪੀ ਜਗਦੀਸ਼ ਰਾਜ, ਪੁਲੀਸ ਸਟੇਸ਼ਨ ਇੰਚਾਰਜ ਪ੍ਰੀਤੀ ਅਤੇ ਇੱਕ ਪੁਲੀਸ ਤਕਨੀਕੀ ਟੀਮ, ਜਿਸ ਵਿੱਚ ਸਾਈਬਰ ਕ੍ਰਾਈਮ ਇੰਸਪੈਕਟਰ ਦਿਲਪ੍ਰੀਤ ਕੌਰ ਜੋ ਕਿ ਤਕਨੀਕੀ ਸੈੱਲ ਦੀ ਇੰਚਾਰਜ ਹੈ, ਸਕੂਲ ਪਹੁੰਚੀ। ਘਟਨਾ ਦੀ ਪੁਸ਼ਟੀ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਬੱਚਿਆਂ ਦਾ ਸਕੂਲ ਪ੍ਰਬੰਧਨ ਨਾਲ ਕਿਸੇ ਕਿਸਮ ਦਾ ਮੱਤਭੇਦ ਸੀ। ਇਸ ’ਤੇ ਬੱਚਿਆਂ ਨੇ ਯੋਜਨਾ ਬਣਾਈ ਅਤੇ ਉਨ੍ਹਾਂ ਵਿੱਚੋਂ ਕੁਝ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਅਸੀਂ ਪੰਜ ਜਣੇ ਰਾਤ ਨੂੰ ਸਕੂਲ ਹੋਸਟਲ ਤੋਂ ਗਾਇਬ ਹੋ ਜਾਵਾਂਗੇ ਤੇ ਰਾਤ 11 ਵਜੇ ਦੇ ਕਰੀਬ ਹੋਸਟਲ ਤੋਂ ਗਾਇਬ ਹੋ ਗਏ। ਇਹ ਸੂਚਨਾ ਮਿਲਣ ਤੇ ਵੱਖ-ਵੱਖ ਪੁਲੀਸ ਪਾਰਟੀਆਂ ਦਾ ਗਠਨ ਕਰਕੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਟੈਕਨੀਕਲ ਸਾਧਨਾਂ ਦੀ ਮੱਦਦ ਨਾਲ ਬੱਚਿਆਂ ਦੀ ਲੋਕੇਸ਼ਨ ਨੂੰ ਟਰੇਸ ਕਰਕੇ 19 ਨਵੰਬਰ ਨੂੰ ਵਕਤ ਕਰੀਬ 8.30 ਵਜੇ ਸ਼ਾਮ ਨੂੰ ਦਿੱਲੀ ਰੇਲਵੇ ਸਟੇਸ਼ਨ ’ਤੇ ਹੋਣ ਦਾ ਪਤਾ ਲਗਾ ਲਿਆ ਗਿਆ ਅਤੇ ਦਿੱਲੀ ਪੁਲੀਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਉੱਥੋਂ ਬਰਾਮਦ ਕਰ ਲਿਆ ਗਿਆ। ਪੁਲੀਸ ਟੀਮ ਉਨ੍ਹਾਂ ਨੂੰ ਵਾਪਸ ਲੈ ਆਈ। ਐੱਸ ਐੱਸ ਪੀ ਅਨੁਸਾਰ ਇਹ ਵੀ ਪਤਾ ਲੱਗਾ ਕਿ ਇਹ ਵਿਦਿਆਰਥੀ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਦਿੱਲੀ ਰੇਲਵੇ ਸਟੇਸ਼ਨ ਵਾਇਆ ਰੋਹਤਕ ਰੇਲਗੱਡੀ ਰਾਹੀਂ ਬੇਟਿਕਟੇ ਗਏ ਸਨ। ਲੋੜੀਂਦੇ ਫੰਡਾਂ ਦੀ ਘਾਟ ਕਾਰਨ, ਇਹ ਹੋਰ ਯਾਤਰਾ ਕਰਨ ਵਿੱਚ ਅਸਮਰੱਥ ਸਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਬੱਚੇ ਅੱਧੀ ਰਾਤ ਨੂੰ ਹੋਸਟਲ ਵਿੱਚੋਂ ਕਿਸ ਤਰ੍ਹਾਂ ਗਾਇਬ ਹੋ ਗਏ। ਇਸ ਤਰ੍ਹਾਂ ਹੋਸਟਲ ਦੇ ਸੁਰੱਖਿਆ ਪ੍ਰਬੰਧਾਂ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
