ਹੜ੍ਹਾਂ ’ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਵੱਲੋਂ ਵਿੱਤੀ ਮਦਦ
ਹੜ੍ਹਾਂ ਦੌਰਾਨ ਜਾਨਾਂ ਗਵਾਉਣ ਵਾਲੇ ਚਾਰ ਮੈਂਬਰਾਂ ਦੇ ਪਰਿਵਾਰਾਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ 4-4 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇ ਚੈੱਕ ਦਿੱਤੇ ਗਏ। ਇਸ ਮੌਕੇ ਡੀਸੀ ਆਦਿੱਤਿਆ ਉੱਪਲ, ਹਲਕਾ ਇੰਚਾਰਜ ਅਮਿਤ ਮੰਟੂ, ਐੱਸਡੀਐੱਮ ਰਾਕੇਸ਼ ਮੀਨਾ, ਜ਼ਿਲ੍ਹਾ ਮਾਲ ਅਫਸਰ ਪਵਨ ਗੁਲਾਟੀ, ਸਹਾਇਕ ਕਮਿਸ਼ਨਰ ਵਿਕਰਮ, ਬਲਾਕ ਪ੍ਰਧਾਨ ਸੰਦੀਪ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਚੈੱਕ ਵੰਡਣ ਉਪਰੰਤ ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਸਭ ਤੋਂ ਦੁਖਦਾਈ ਘਟਨਾਵਾਂ ਵਿੱਚ ਕੀਮਤੀ ਜਾਨਾਂ ਚਲੀਆਂ ਗਈਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਕਦਮੀ ਕਰਦਿਆਂ ਇਨ੍ਹਾਂ ਪਰਿਵਾਰਾਂ ਦੇ ਲਈ ਆਰਥਿਕ ਸਹਾਇਤਾ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ 8 ਪਰਿਵਾਰ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹੜ੍ਹਾਂ ਅੰਦਰ ਰੁੜ੍ਹ ਗਏ। ਇਨ੍ਹਾਂ ਵਿੱਚ ਪਿੰਡ ਅੱਤੇਪੁਰ ਤੋਂ ਨੌਜਵਾਨ ਜਗਤਾਰ, ਢਾਂਗੂ ਸਰਾਂ ਤੋਂ ਬੱਚਾ ਸਾਹਿਲ, ਰਾਜਪੁਰਾ ਤੋਂ ਕੇਸ਼ਵ ਕੁਮਾਰ ਅਤੇ ਰੇਸ਼ਮਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਚਾਰ ਪਰਿਵਾਰਾਂ ਦੇ ਕਾਗਜ਼ਾਤ ਪੂਰੇ ਨਹੀਂ ਹਨ ਤੇ ਉਨ੍ਹਾਂ ਨੂੰ ਵੀ ਜਲਦੀ ਸਹਾਇਤਾ ਦਿੱਤੀ ਜਾਵੇਗੀ।