ਅੰਮ੍ਰਿਤਸਰ ਵਿੱਚ ਰੁਕੇ ਹੋਏ ਪ੍ਰਾਜੈਕਟਾਂ ਦੀ ਜਾਂਚ ਕਰਵਾਈ ਜਾਵੇ: ਔਜਲਾ
ਸੰਸਦ ਮੈਂਬਰ ਨੇ ਦਬੁਰਜੀ ਅਤੇ ਗੋਲਡਨ ਗੇਟ ਫਲਾਈਓਵਰਾਂ ਦੇ ਨਿਰਮਾਣ ਵਿੱਚ ਵੱਡੇ ਪੱਧਰ ’ਤੇ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪੁਲ ਦੀ ਉਸਾਰੀ ਦੌਰਾਨ ਚਿੰਤਾ ਜ਼ਾਹਰ ਕੀਤੀ ਸੀ ਕਿ ਇਸ ਦਾ ਢਾਂਚਾ ਕਮਜ਼ੋਰ ਹੈ ਅਤੇ ਭਵਿੱਖ ਵਿੱਚ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਨਾ ਸਿਰਫ਼ ਲਾਪਰਵਾਹੀ ਦਾ ਮਾਮਲਾ ਹੈ, ਸਗੋਂ ਲੋਕਾਂ ਦੀ ਜਾਨ ਲਈ ਵੀ ਖ਼ਤਰਾ ਹੈ। ਨਿਰਮਾਣ ਅਧੀਨ ਫਲਾਈਓਵਰਾਂ ਨੇ ਮੁੱਢਲੇ ਬੁਨਿਆਦੀ ਢਾਂਚੇ ਨੂੰ ਵੀ ਧਿਆਨ ਵਿੱਚ ਨਹੀਂ ਰੱਖਿਆ ਹੈ। ਸਰਵਿਸ ਲੇਨ ਨਹੀਂ ਬਣਾਈਆਂ ਗਈਆਂ ਹਨ। ਪ੍ਰਾਜੈਕਟ ਡਾਇਰੈਕਟਰ ਨੂੰ ਇਸ ਮੁੱਦੇ ਬਾਰੇ ਵਾਰ-ਵਾਰ ਸੂਚਿਤ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ।
ਲੋਕ ਸਭਾ ਵਿੱਚ ਮੰਤਰੀ ਨਿਤਿਨ ਗਡਕਰੀ ਕੋਲੋਂ ਔਜਲਾ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਵਿੱਚ ਸਾਰੇ ਰੁਕੇ ਹੋਏ ਪ੍ਰਾਜੈਕਟਾਂ ਦੀ ਜਾਂਚ ਲਈ ਉੱਚ-ਪੱਧਰੀ ਜਾਂਚ ਕਮੇਟੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਕੰਮ ਕਿਉਂ ਰੁਕਿਆ ਹੈ, ਕਿਸ ਪੱਧਰ ’ਤੇ ਭ੍ਰਿਸ਼ਟਾਚਾਰ ਹੋਇਆ ਹੈ ਅਤੇ ਅਧਿਕਾਰੀ ਵਾਰ-ਵਾਰ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕਿਉਂ ਕਰ ਰਹੇ ਹਨ।
