ਬਾਬਾ ਮਿੱਢਾ ਦੀ ਯਾਦ ’ਚ ਖੇਡ ਤੇ ਸੱਭਿਆਚਾਰਕ ਮੇਲਾ
ਪਿੰਡ ਫੈਜ਼ਉੱਲਾਚੱਕ ਵਿੱਚ ਗ੍ਰਾਮ ਪੰਚਾਇਤ ਤੇ ਗੁਰਾਇਆ ਯੂਥ ਕਲੱਬ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਮਿੱਢ ਦੀ ਯਾਦ ਵਿੱਚ ਛੇ ਰੋਜ਼ਾ ਮੇਲਾ ਮਨਾਇਆ ਗਿਆ। ਖੇਡ ਮੇਲੇ ਦਾ ਉਦਘਾਟਨ ਪਿੰਡ ਦੀ ਸਰਪੰਚ ਕੁਲਵੰਤ ਕੌਰ ਦੇ ਪਤੀ ਸੀਨੀਅਰ ਆਗੂ ਰਛਪਾਲ ਸਿੰਘ ਗੋਰਾਇਆ ਨੇ ਕੀਤਾ। ਫੁੱਟਬਾਲ ਟੂਰਨਾਂਮੈਂਟ ਦੌਰਾਨ ਸੀਨੀਅਰ ਵਰਗ ਮੁਕਾਬਲਿਆਂ ’ਚੋਂ ਕਾਲਾ ਅਫਗਾਨਾ ਟੀਮ ਜੇਤੂ ਅਤੇ ਜੂਨੀਅਰ ਵਰਗ ਮੁਕਾਬਲਿਆਂ’ ’ਚੋਂ ਫੈਜ਼ਉੱਲਾਚੱਕ ਟੀਮ ਜੇਤੂ ਰਹੀਆਂ। ਸੱਭਿਆਚਾਰਕ ਪ੍ਰੋਗਰਾਮ ’ਚ ਗਾਇਕ ਸਤ ਸਲਾਮਤ ਜੋਗਾ ਨੇ ਸਰੋਤਿਆਂ ਨੂੰ ਕੀਲੀ ਰੱਖਿਆ। ਮੇਲੇ ਦੇ ਅਖੀਰਲੇ ਦਿਨ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਨਾਨਕਸਰ ਕਲੱਬ ਗੁਰਦਾਸਪੁਰ ਟੀਮ ਨੇ ਸੰਤ ਬਾਬਾ ਹਜਾਰਾ ਸਿੰਘ ਲਾਇਨਜ਼ ਕਲੱਬ ਦੀ ਟੀਮ ਨੂੰ ਹਰਾ ਕੇ ਜਿੱਤਿਆ। ਮਾਲੀ ਦੀ ਕੁਸ਼ਤੀ ਪਹਿਲਵਾਨ ਗੌਰਵ ਅਜਨਾਲਾ ਨੇ ਜਿੱਤੀ। ਇਸ ਮੌਕੇ ਹਲਕਾ ਕਾਦੀਆਂ ਦੇ ‘ਆਪ’ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਅਤੇ ਜੇਤੂਆਂ ਨੂੰ ਨਗਦ ਇਨਾਮ ਤੇ ਯਾਦਗਾਰੀ ਚਿੰਨ੍ਹਾਂ ਨਾਲ ਨਿਵਾਜਿਆ ਗਿਆ।
