ਨਸ਼ਿਆਂ ਵਿਰੁੱਧ ਮੁਹਿੰਮ ਨਾਲ ਹਾਲਾਤ ਬਦਲ ਰਹੇ: ਕਟਾਰੂਚੱਕ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਨੌਂ ਪਿੰਡਾਂ ਗਤੋਰਾ, ਰਾਜਪਰੂਰਾ, ਸੁਕਾਲਗੜ੍ਹ, ਸ਼ਾਦੀਪੁਰ, ਪਰਮਾਨੰਦ, ਨਮਾਲਾ, ਘਰੋਟਾ, ਨਾਜੋਚੱਕ ਅਤੇ ਜੰਗਲ ਵਿੱਚ ਬਣਾਏ ਜਾਣ ਵਾਲੇ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖਣ ਮੌਕੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ਦੇ ਯੋਗ ਬਣਾਉਣ ਲਈ 30 ਪਿੰਡਾਂ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਹਲਕੇ ਦੇ 14 ਪਿੰਡਾਂ ਵਿੱਚ ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਨੂੰ ਜਲਦੀ ਹੀ ਨੇਪਰੇ ਚਾੜ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜ ਪਿੰਡਾਂ ਵਿੱਚ ਨੀਂਹ ਪੱਥਰ ਰੱਖੇ ਗਏ ਸਨ ਜਦਕਿ ਬਾਕੀ ਰਹਿੰਦੇ ਪਿੰਡਾਂ ਵਿੱਚ ਵੀ ਜਲਦੀ ਰੱਖ ਦਿੱਤੇ ਜਾਣਗੇ।
ਇਸ ਮੌਕੇ ਨਰੇਸ਼ ਸੈਣੀ ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ, ਪਵਨ ਕੁਮਾਰ ਫੌਜੀ ਸੰਗਠਨ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਦੀਪਕ ਕੁਮਾਰ ਸਰਪੰਚ ਪਿੰਡ ਗਤੋਰਾ, ਐੱਸਡੀਓ ਲਖਬੀਰ ਸਿੰਘ, ਬੀਡੀਪੀਓ ਵਿਜੇ ਕੁਮਾਰ, ਵਰਿੰਦਰ ਹੈਪੀ, ਨੀਰਜ ਸੈਣੀ, ਰਵੀ ਕੁਮਾਰ, ਪੂਜਾ ਸਰਪੰਚ ਸੁਕਾਲਗੜ੍ਹ, ਮੰਗਲ ਸਿੰਘ, ਅਮਿਤ ਕੁਮਾਰ, ਜਗਦੇਵ ਸਿੰਘ ਸਰਪੰਚ ਨਮਾਲਾ, ਕੁਲਦੀਪ ਸਿੰਘ ਸਰਪੰਚ ਪਰਮਾਨੰਦ ਤੇ ਜੁਗਰਾਜ ਸਿੰਘ ਸਰਪੰਚ ਸ਼ਾਦੀਪੁਰ ਆਦਿ ਹਾਜ਼ਰ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸਦਕਾ ਸੂਬੇ ਦੇ ਹਾਲਾਤ ਦਿਨ-ਬ-ਦਿਨ ਬਦਲ ਰਹੇ ਹਨ ਅਤੇ ਖੇਡ ਮੈਦਾਨਾਂ ਦੇ ਕਾਰਜਸ਼ੀਲ ਹੋਣ ਤੋਂ ਬਾਅਦ ਨੌਜਵਾਨ ਨਸ਼ਿਆਂ ਦਾ ਤਿਆਗ ਕਰ ਕੇ ਖੇਡਾਂ ਨਾਲ ਜੁੜਨਗੇ। ਨੌਜਵਾਨਾਂ ਦੀ ਦਿਲਚਸਪੀ ਖੇਡਾਂ ਵਿੱਚ ਜਾਗੇਗੀ ਅਤੇ ਉਹ ਨਸ਼ਿਆਂ ਤੋਂ ਆਪਮੁਹਾਰੇ ਹੀ ਦੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੁਰਾਣੇ ਸਮੇਂ ਨੂੰ ਮੁੜ ਕਾਇਮ ਕਰਨਾ ਚਾਹੁੰਦੀ ਹੈ ਤੇ ਇਸੇ ਕਰਕੇ ਕਰੋੜਾਂ ਰੁਪਏ ਦੇ ਇਨਾਮ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਜੇਤੂਆਂ ਨੂੰ ਦਿੱਤੇ ਗਏ। ਇੱਥੇ ਹੀ ਬੱਸ ਨਹੀਂ ਵਿਸ਼ਵ ਕੱਪ ਜਿੱਤਣ ਵਾਲੀ ਹਾਕੀ ਦੀ ਟੀਮ ਵਿੱਚ ਪੰਜਾਬ ਦੇ 9 ਖਿਡਾਰੀ ਸਨ, ਜਿਨ੍ਹਾਂ ਪੰਜਾਬ ਦਾ ਨਾਂ ਰੋਸ਼ਨ ਕੀਤਾ।
ਧਾਲੀਵਾਲ ਨੇ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ
ਅਜਨਾਲਾ (ਸੁਖਦੇਵ ਸਿੰਘ ਸੁੱਖ): ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ਅੰਦਰ 4.29 ਕਰੋੜ ਨਾਲ 7 ਪਿੰਡਾਂ ਵਿੱਚ ਆਧੁਨਿਕ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਭਰ ’ਚ ਪਹਿਲੇ ਪੜਾਅ ਵਿੱਚ ਕਰੀਬ 3 ਹਜ਼ਾਰ ਪਿੰਡਾਂ ’ਚ ਖੇਡ ਟਰੈਕਾਂ, ਬਾਥਰੂਮਾਂ ਸਣੇ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਖੇਡ ਸਟੇਡੀਅਮ ਉਸਾਰਣ ਲਈ ਪੰਜਾਬ ਸਰਕਾਰ 1100 ਕਰੋੜ ਰੁਪਏ ਖਰਚ ਕਰੇਗੀ। ਉਨ੍ਹਾਂ ਗ਼ਦਰੀ ਬਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਉਨ੍ਹਾਂ ਦੇ 7 ਹੋਰ ਫਾਂਸੀ ਚੜ੍ਹੇ ਸਾਥੀਆਂ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਆਜ਼ਾਦੀ ਸੰਗਰਾਮੀਆਂ ਵੱਲੋਂ ਦੇਸ਼ ਨੂੰ ਆਜ਼ਾਦ ਕਰਨ ਮੌਕੇ ਸਿਹਤ, ਸਿੱਖਿਆ, ਰੁਜ਼ਗਾਰ ਆਦਿ ਲਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਰਕਾਰ ਯਤਨਸ਼ੀਲ ਹੈ। ਇਸ ਮੌਕੇ ਉਨ੍ਹਾਂ ਪਿੰਡ ਬਾਠ, ਚਮਿਆਰੀ, ਧਾਰੀਵਾਲ ਕਲੇਰ, ਗੁਜਰਪੁਰਾ, ਜਗਦੇਵ ਖੁਰਦ, ਕਾਮਲਪੁਰਾ ਤੇ ਕਿਆਮਪੁਰਾ ਵਿੱਚ ਨਵੇਂ ਆਧੁਨਿਕ ਨਵ ਨਿਰਮਾਣ ਅਧੀਨ ਖੇਡ ਸਟੇਡੀਅਮ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਹੀ ਚਮਿਆਰੀ, ਚੇਅਰਮੈਨ ਬੱਬੂ ਚੇਤਨਪੁਰਾ ਤੇ ਸ਼ਹਿਰੀ ਪ੍ਰਧਾਨ ਅਮਿਤ ਔਲ ਆਦਿ ਹਾਜ਼ਰ ਸਨ।
