ਪਰਿਵਾਰਕ ਝਗੜੇ ’ਚ ਗੋਲੀ ਮਾਰ ਕੇ ਕਤਲ
ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਦਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਅਤੇ ਵਰਿੰਦਰ ਸਿੰਘ ਦੋਵੇਂ ਸਵੇਰ ਵੇਲੇ ਆਪੋ ਆਪਣੇ ਦੋ ਪਹੀਆ ਵਾਹਨਾਂ ’ਤੇ ਬੱਚਿਆਂ ਨੂੰ ਸਕੂਲ ਛੱਡ ਕੇ ਆਏ ਸਨ। ਜਦੋਂ ਉਹ ਗੁਰਦੁਆਰਾ ਛੇਹਰਟਾ ਸਾਹਿਬ ਨੇੜੇ ਪੁੱਜੇ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਵਰਿੰਦਰ ਸਿੰਘ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਗਰਦਨ ਵਿੱਚ ਲੱਗੀ। ਉਹ ਹੇਠਾਂ ਡਿੱਗ ਪਿਆ ਤੇ ਇਸ ਦੌਰਾਨ ਹਮਲਾਵਰ ਫਰਾਰ ਹੋ ਗਏ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਪੁਲੀਸ ਨੇ ਇਸ ਸਬੰਧ ਵਿੱਚ ਥਾਣਾ ਛੇਹਰਟਾ ਵਿੱਚ ਕੇਸ ਦਰਜ ਕੀਤਾ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਡੀਸੀਪੀ ਰਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਟੀਮ ਬਣਾਈ ਸੀ ਜਿਸ ਨੇ ਕੁਝ ਘੰਟਿਆਂ ਵਿੱਚ ਹੀ ਮਾਮਲਾ ਹੱਲ ਕਰ ਲਿਆ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਰਿਸ਼ਤੇਦਾਰ ਕੁੜੀ ਡੇਰਾ ਬਾਬਾ ਨਾਨਕ ਵਿੱਚ ਨਿਸ਼ਾਨ ਸਿੰਘ ਨਾਂ ਦੇ ਵਿਅਕਤੀ ਨਾਲ ਵਿਆਹੀ ਹੋਈ ਸੀ ਜੋ ਅਕਸਰ ਪਤਨੀ ਦੀ ਕੁੱਟਮਾਰ ਕਰਦਾ ਸੀ। ਪਰਿਵਾਰ ਵਾਲੇ ਕੁੜੀ ਨੂੰ ਵਾਪਸ ਆਪਣੇ ਘਰ ਛੇਹਰਟਾ ਲਿਆਏ ਸਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਨਿਸ਼ਾਨ ਸਿੰਘ ਨੇ ਆਪਣੇ ਸਾਲੇ ਗੁਰਲਾਲ ਸਿੰਘ ਨਾਲ ਮਿਲ ਕੇ ਸ਼ਿਕਾਇਤਕਰਤਾ ਦੇ ਘਰ ਦੇ ਬਾਹਰ ਗੋਲੀਆਂ ਵੀ ਚਲਾਈਆਂ ਸਨ। ਹੁਣ ਇਹ ਸਾਰੇ ਧਮਕੀਆਂ ਵੀ ਦੇ ਰਹੇ ਸਨ ਅਤੇ ਬੱਚੇ ਦੀ ਹਵਾਲਗੀ ਮੰਗ ਰਹੇ ਸਨ।
